July 13, 2026
Dharaledar Bureau / Punjab
ਪਟਿਆਲਾ, 13 ਜੁਲਾਈ: ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਪਟਿਆਲਾ ਸਥਿਤ ਆਗੂਆਂ ਨਾਲ ਬੈਠਕ ਕਰਕੇ ਜ਼ਿਲ੍ਹੇ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਸਬੰਧੀ ਉਨ੍ਹਾਂ ਦੇ ਸੁਝਾਅ ਅਤੇ ਫੀਡਬੈਕ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ 11 ਅਤੇ 12 ਜੁਲਾਈ ਨੂੰ ਲੱਗੇ ਵਿਸ਼ੇਸ਼ ਕੈਂਪਾਂ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਅਗਲੇ ਕੈਂਪਾਂ ਦੌਰਾਨ ਵੀ ਬੀ.ਐਲ.ਏਜ਼, ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਯੋਗ ਵੋਟਰ ਦੀ ਵੋਟ ਕੇਵਲ ਗਣਨਾ ਫਾਰਮ ਨਾ ਭਰਨ ਕਰਕੇ ਨਾ ਕੱਟੀ ਜਾਵੇ। ਉਨ੍ਹਾਂ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਘਰ-ਘਰ ਜਾ ਕੇ ਗਣਨਾ ਫਾਰਮ ਭਰਨ ਦਾ ਕੰਮ 24 ਜੁਲਾਈ ਤੱਕ ਜਾਰੀ ਰਹੇਗਾ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਗਣਨਾ ਫਾਰਮ ਭਰਨ ਸਬੰਧੀ ਕਿਸੇ ਵੀ ਸਹਾਇਤਾ ਲਈ ਵੋਟਰ ਹੈਲਪਲਾਈਨ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਵਿਸ਼ੇਸ਼ ਕੈਂਪ ਸਿਰਫ਼ ਪੋਲਿੰਗ ਬੂਥਾਂ ਹੀ ਨਹੀਂ, ਸਗੋਂ ਸਮੂਹ ਐਸ.ਡੀ.ਐਮ. ਦਫ਼ਤਰਾਂ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਵੀ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਣਨਾ ਫਾਰਮ ਸਮੇਂ ਸਿਰ ਭਰ ਕੇ ਜਮ੍ਹਾਂ ਕਰਵਾਉਣ, ਤਾਂ ਜੋ ਕੋਈ ਵੀ ਯੋਗ ਵੋਟਰ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ 24 ਜੁਲਾਈ, 2026 ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਦਾ ਕੰਮ ਮੁਕੰਮਲ ਕੀਤਾ ਜਾਣਾ ਹੈ। ਇਸ ਤਹਿਤ ਮੌਜੂਦਾ 1786 ਪੋਲਿੰਗ ਸਟੇਸ਼ਨਾਂ ਵਿੱਚ 75 ਨਵੇਂ ਪੋਲਿੰਗ ਸਟੇਸ਼ਨ ਸ਼ਾਮਲ ਕੀਤੇ ਜਾਣਗੇ, ਜਿਸ ਨਾਲ ਕੁੱਲ ਗਿਣਤੀ 1861 ਹੋ ਜਾਵੇਗੀ। ਇਸ ਤੋਂ ਇਲਾਵਾ 29 ਪੋਲਿੰਗ ਸਟੇਸ਼ਨਾਂ ਦੀ ਲੋਕੇਸ਼ਨ ਬਦਲੀ ਜਾਵੇਗੀ, ਜਦਕਿ 115 ਪੋਲਿੰਗ ਸਟੇਸ਼ਨਾਂ ਦੇ ਸਕੂਲਾਂ ਜਾਂ ਇਮਾਰਤਾਂ ਦੇ ਨਾਮ ਬਦਲਣ ਕਾਰਨ ਉਨ੍ਹਾਂ ਦੇ ਨਾਮ ਅਪਡੇਟ ਕੀਤੇ ਜਾਣਗੇ। ਇਸ ਸਬੰਧੀ ਡਰਾਫਟ ਤਜਵੀਜ਼ ਰਾਜਨੀਤਿਕ ਪਾਰਟੀਆਂ ਨੂੰ ਉਪਲਬਧ ਕਰਵਾ ਕੇ ਉਨ੍ਹਾਂ ਤੋਂ ਸੁਝਾਅ ਪ੍ਰਾਪਤ ਕੀਤੇ ਗਏ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰੈਸ਼ਨਲਾਈਜ਼ੇਸ਼ਨ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਆਮ ਤੌਰ ’ਤੇ ਕਿਸੇ ਵੀ ਪੋਲਿੰਗ ਸਟੇਸ਼ਨ ਨਾਲ 1,200 ਤੋਂ ਵੱਧ ਵੋਟਰ ਸੰਬੰਧਿਤ ਨਾ ਹੋਣ। ਇਸ ਮੌਕੇ ਏ.ਡੀ.ਸੀ. ਅਨੁਪ੍ਰਿਤਾ ਜੌਹਲ, ਭਾਰਤੀ ਜਨਤਾ ਪਾਰਟੀ ਵੱਲੋਂ ਰਜਨੀਸ਼ ਸ਼ੋਰੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਅਮਰਿੰਦਰ ਸਿੰਘ ਬਜਾਜ ਅਤੇ ਅਨਮੋਲਦੀਪ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਮਹਿੰਦਰ ਸਿੰਘ ਅਤੇ ਨਰਿੰਦਰ ਸਿੰਘ ਸਮੇਤ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਤੇ ਹੋਰ ਪਤਵੰਤੇ ਹਾਜ਼ਰ ਸਨ।
District Election Officer Patiala Patiala Election Office Polling Station Rationalization Polling Stations Patiala Election Commission Of India Electoral Roll Update Political Parties Meeting Election Preparations Patiala District News Punjab Election New