September 29, 2026
ਆਪ’ ਨੂੰ 2025-26 ’ਚ ਮਿਲਿਆ 12.09 ਕਰੋੜ ਦਾ ਚੰਦਾ, ਪੰਜਾਬ ਤੋਂ 5.08 ਕਰੋੜ; ਰਾਜਿੰਦਰ ਗੁਪਤਾ ਰਹੇ ਸਭ ਤੋਂ ਵੱਡੇ ਦਾਨੀ
Prabhsimran Singh / Chandigarh
ਆਮ ਆਦਮੀ ਪਾਰਟੀ (AAP) ਨੂੰ ਵਿੱਤੀ ਸਾਲ 2025-26 ਦੌਰਾਨ ਸਮੁੱਚੇ ਦੇਸ਼ ’ਚੋਂ ਕੁੱਲ 12.09 ਕਰੋੜ ਰੁਪਏ ਦਾ ਸਿਆਸੀ ਚੰਦਾ ਪ੍ਰਾਪਤ ਹੋਇਆ ਹੈ। ਇਨ੍ਹਾਂ ਵਿੱਚੋਂ ਪੰਜਾਬ ਤੋਂ ਪਾਰਟੀ ਨੂੰ 5.08 ਕਰੋੜ ਰੁਪਏ ਦਾ ਚੰਦਾ ਮਿਲਿਆ। ਪੰਜਾਬ ’ਚੋਂ ਚੰਦਾ ਦੇਣ ਵਾਲਿਆਂ ਵਿੱਚ ਸੰਸਦ ਮੈਂਬਰ ਰਾਜਿੰਦਰ ਗੁਪਤਾ ਮੋਹਰੀ ਰਹੇ ਹਨ। ਰਾਜਿੰਦਰ ਗੁਪਤਾ ਕੋਲ 5,053 ਕਰੋੜ ਰੁਪਏ ਦੀ ਜਾਇਦਾਦ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ ਰਾਜ ਸਭਾ ਮੈਂਬਰਾਂ ਵਿੱਚ ਦੌਲਤ ਦੇ ਮਾਮਲੇ ’ਚ ਦੂਜੇ ਸਥਾਨ ’ਤੇ ਹਨ। ਉਪਲਬਧ ਵੇਰਵਿਆਂ ਮੁਤਾਬਕ ਪੰਜਾਬ ਤੋਂ ‘ਆਪ’ ਨੂੰ ਮਿਲਣ ਵਾਲੇ ਚੰਦੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਵੀ ਵਾਧਾ ਹੋਇਆ ਹੈ। ਵਿੱਤੀ ਸਾਲ 2025-26 ਦੌਰਾਨ ‘ਆਪ’ ਨੂੰ ਪੰਜ ਵਿਧਾਇਕਾਂ, ਤਿੰਨ ਵਜ਼ੀਰਾਂ ਅਤੇ ਇੱਕ ਸੰਸਦ ਮੈਂਬਰ ਸਮੇਤ ਪਾਰਟੀ ਨਾਲ ਜੁੜੇ ਕਈ ਆਗੂਆਂ ਵੱਲੋਂ ਵੀ ਚੰਦਾ ਦਿੱਤਾ ਗਿਆ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਹਰ ਮਹੀਨੇ ਚੰਦਾ ਦਿੰਦਿਆਂ ਇੱਕ ਸਾਲ ਵਿੱਚ ਕੁੱਲ 1.20 ਲੱਖ ਰੁਪਏ ਪਾਰਟੀ ਨੂੰ ਦਿੱਤੇ। ਵਜ਼ੀਰਾਂ ਵਿੱਚੋਂ ਡਾ. ਬਲਵੀਰ ਸਿੰਘ ਨੇ 25,200 ਰੁਪਏ, ਪਾਰਟੀ ਪ੍ਰਧਾਨ ਅਮਨ ਅਰੋੜਾ ਨੇ 1.20 ਲੱਖ ਰੁਪਏ ਅਤੇ ਡਾ. ਰਵਿਜੋਤ ਨੇ 25,200 ਰੁਪਏ ਦਾ ਚੰਦਾ ਦਿੱਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 1.20 ਲੱਖ ਰੁਪਏ, ਜਦਕਿ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ 96 ਹਜ਼ਾਰ ਰੁਪਏ ਪਾਰਟੀ ਨੂੰ ਦਿੱਤੇ। ਇਸੇ ਤਰ੍ਹਾਂ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ 96 ਹਜ਼ਾਰ ਰੁਪਏ, ਕੁਲਵੰਤ ਸਿੰਘ ਪੰਡੋਰੀ ਨੇ 85,200 ਰੁਪਏ, ਕੁਲਦੀਪ ਸਿੰਘ ਧਾਲੀਵਾਲ ਨੇ 25,200 ਰੁਪਏ, ਪ੍ਰਿੰਸੀਪਲ ਬੁੱਧ ਰਾਮ ਨੇ 1.20 ਲੱਖ ਰੁਪਏ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ 25,200 ਰੁਪਏ ਦਾ ਚੰਦਾ ਦਿੱਤਾ। ਪਟਿਆਲਾ ਦੇ ਪਿੰਡ ਫ਼ਤਿਹਗੜ੍ਹ ਰਾਜਪੂਤਾਂ ਦੇ ਗੁਰਦੇਵ ਸਿੰਘ ਨੇ ਵੀ ‘ਆਪ’ ਨੂੰ 25,200 ਰੁਪਏ, ਜਦਕਿ ਪਟਿਆਲਾ ਦੇ ਜਗਦੀਪ ਸਿੰਘ ਨੇ 36 ਹਜ਼ਾਰ ਰੁਪਏ ਦਾ ਚੰਦਾ ਦਿੱਤਾ। ਅੰਕੜਿਆਂ ਮੁਤਾਬਕ ਪੰਜਾਬ ਤੋਂ ‘ਆਪ’ ਨੂੰ ਮਿਲਣ ਵਾਲੇ ਸਿਆਸੀ ਚੰਦੇ ਵਿੱਚ ਲਗਾਤਾਰ ਉਤਾਰ-ਚੜ੍ਹਾਅ ਰਿਹਾ ਹੈ। 2025-26 ਵਿੱਚ 5.08 ਕਰੋੜ ਰੁਪਏ, 2024-25 ਵਿੱਚ 71 ਲੱਖ ਰੁਪਏ, 2023-24 ਵਿੱਚ 11.50 ਲੱਖ ਰੁਪਏ ਅਤੇ 2022-23 ਵਿੱਚ 44.60 ਲੱਖ ਰੁਪਏ ਚੰਦਾ ਪ੍ਰਾਪਤ ਹੋਇਆ। ਇਸ ਦੌਰਾਨ ਪੰਜਾਬ ਵਿੱਚ ਹੋਰ ਸਿਆਸੀ ਪਾਰਟੀਆਂ ਨੂੰ ਮਿਲੇ ਚੰਦੇ ਦੇ ਅੰਕੜੇ ਵੀ ਚਰਚਾ ਵਿੱਚ ਹਨ। ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ 2024-25 ਦੌਰਾਨ ਪੰਜਾਬ ਤੋਂ 1.81 ਕਰੋੜ ਰੁਪਏ ਦਾ ਚੰਦਾ ਮਿਲਿਆ, ਜੋ ਉਸ ਸਾਲ ‘ਆਪ’ ਨੂੰ ਪੰਜਾਬ ਤੋਂ ਮਿਲੇ ਚੰਦੇ ਨਾਲੋਂ ਵੱਧ ਸੀ।
Aap Aam Aadmi Party Political Donation Punjab Politics Punjab News Rajinder Gupta Gurmeet Singh Meet Hayer Aman Arora Bhagwant Mann Punjab Government Political Funding Political Parties Punjab Donation Shiromani Akali Dal Sad Punjab Politics News