October 24, 2026
ਸੋਨੀਆ ਗਾਂਧੀ ਨੇ ‘x’ ’ਤੇ ਕੀਤਾ ਡੈਬਿਊ, 10 ਨਵੰਬਰ ਨੂੰ ਰਿਲੀਜ਼ ਹੋਵੇਗੀ ਪਹਿਲੀ ਕਿਤਾਬ
Prabhsimran Singh / Delhi
ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਆਪਣਾ ਪਹਿਲਾ ਅਕਾਊਂਟ ਸ਼ੁਰੂ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੀ ਆਉਣ ਵਾਲੀ ਪਹਿਲੀ ਕਿਤਾਬ ‘ਬਿਲੌਂਗਿੰਗ – ਅ ਜਰਨੀ ਆਫ਼ ਲਵ’ (Belonging – A Journey of Love) ਬਾਰੇ ਇੱਕ ਵੀਡੀਓ ਸਾਂਝੀ ਕੀਤੀ। ਇਹ ਕਿਤਾਬ 10 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਕਿਤਾਬ ਵਿੱਚ ਸੋਨੀਆ ਗਾਂਧੀ ਨੇ ਆਪਣੇ ਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਜੁੜੀਆਂ ਯਾਦਾਂ ਅਤੇ ਆਪਣੀ ਜਵਾਨੀ ਤੋਂ ਲੈ ਕੇ ਹੁਣ ਤੱਕ ਦੇ ਜੀਵਨ ਸਫ਼ਰ ਨੂੰ ਸਾਂਝਾ ਕੀਤਾ ਹੈ। ਲਗਪਗ ਦੋ ਮਿੰਟ ਦੀ ਵੀਡੀਓ ਵਿੱਚ ਉਨ੍ਹਾਂ ਨੇ ਦੱਸਿਆ ਕਿ ਕੈਂਬਰਿਜ ਵਿੱਚ ਉਨ੍ਹਾਂ ਦੀ ਰਾਜੀਵ ਗਾਂਧੀ ਨਾਲ ਪਹਿਲੀ ਮੁਲਾਕਾਤ ਕਿਵੇਂ ਹੋਈ ਸੀ। ਵੀਡੀਓ ਵਿੱਚ ਦੋਵਾਂ ਦੀਆਂ ਤਸਵੀਰਾਂ ਅਤੇ ਉਸ ਰੈਸਟੋਰੈਂਟ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ, ਜਿੱਥੇ ਉਹ ਪਹਿਲੀ ਵਾਰ ਮਿਲੇ ਸਨ। ‘X’ ’ਤੇ ਆਪਣੀ ਪਹਿਲੀ ਪੋਸਟ ਵਿੱਚ ਸੋਨੀਆ ਗਾਂਧੀ ਨੇ ਲਿਖਿਆ ਕਿ ਕੈਂਬਰਿਜ ਦੇ ਇੱਕ ਛੋਟੇ ਜਿਹੇ ਗ੍ਰੀਕ ਰੈਸਟੋਰੈਂਟ ਵਿੱਚ ਉਨ੍ਹਾਂ ਦੇ ਪਿਆਰ ਦੇ ਸਫ਼ਰ ਦੀ ਸ਼ੁਰੂਆਤ ਹੋਈ ਸੀ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨਾਲ ਉਨ੍ਹਾਂ ਨੇ ਪਿਆਰ, ਹਾਸੇ ਅਤੇ ਯਾਦਾਂ ਨਾਲ ਭਰੀ ਦੁਨੀਆ ਸਿਰਜੀ ਅਤੇ 10 ਨਵੰਬਰ ਨੂੰ ਉਹ ਇਸ ਦੁਨੀਆ ਨੂੰ ਪਾਠਕਾਂ ਨਾਲ ਸਾਂਝਾ ਕਰਨਗੇ। ਵੀਡੀਓ ਵਿੱਚ ਪੁਰਾਣੀਆਂ ਤਸਵੀਰਾਂ ਦੇਖਦਿਆਂ ਸੋਨੀਆ ਗਾਂਧੀ ਨੇ ਰਾਜੀਵ ਗਾਂਧੀ ਨੂੰ ਬੇਹੱਦ ਖ਼ੂਬਸੂਰਤ ਅਤੇ ਨਰਮ ਸੁਭਾਅ ਵਾਲਾ ਵਿਅਕਤੀ ਦੱਸਿਆ। ਉਨ੍ਹਾਂ ਨੇ ਆਪਣੀ ਪਹਿਲੀ ਮੁਲਾਕਾਤ ਬਾਰੇ ਦੱਸਿਆ ਕਿ ਉਸ ਸਮੇਂ ਇੰਗਲੈਂਡ ਵਿੱਚ ਖਾਣੇ ਦੇ ਵਿਕਲਪ ਅੱਜ ਦੇ ਮੁਕਾਬਲੇ ਘੱਟ ਸਨ। ਉਹ ਅਜਿਹੀ ਜਗ੍ਹਾ ਦੀ ਭਾਲ ਕਰ ਰਹੇ ਸਨ, ਜਿੱਥੇ ਉਨ੍ਹਾਂ ਨੂੰ ਆਪਣੇ ਸੁਆਦ ਦੇ ਨੇੜੇ ਦਾ ਖਾਣਾ ਮਿਲ ਸਕੇ, ਖ਼ਾਸ ਤੌਰ ’ਤੇ ਇਟਾਲੀਅਨ ਖਾਣਾ। ਇਸ ਦੌਰਾਨ ਉਨ੍ਹਾਂ ਨੂੰ ਵਰਸਿਟੀ ਰੈਸਟੋਰੈਂਟ ਬਾਰੇ ਪਤਾ ਲੱਗਿਆ। ਇਹ ਇੱਕ ਗ੍ਰੀਕ ਰੈਸਟੋਰੈਂਟ ਸੀ, ਜਿੱਥੇ ਕਈ ਯੂਰਪੀਅਨ ਅਤੇ ਭਾਰਤੀ ਵਿਦਿਆਰਥੀ ਖਾਣਾ ਖਾਣ ਲਈ ਜਾਂਦੇ ਸਨ। ਸੋਨੀਆ ਗਾਂਧੀ ਨੇ ਦੱਸਿਆ ਕਿ ਇਸੇ ਰੈਸਟੋਰੈਂਟ ਵਿੱਚ ਉਨ੍ਹਾਂ ਦੀ ਰਾਜੀਵ ਗਾਂਧੀ ਨਾਲ ਮੁਲਾਕਾਤ ਹੋਈ ਸੀ। ਉਨ੍ਹਾਂ ਮੁਤਾਬਕ, ਇੱਕ ਸਾਂਝੇ ਦੋਸਤ ਨੇ ਦੋਵਾਂ ਦੀ ਜਾਣ-ਪਛਾਣ ਕਰਵਾਈ ਸੀ। ਸੋਨੀਆ ਗਾਂਧੀ ਨੇ ਯਾਦ ਕੀਤਾ ਕਿ ਰਾਜੀਵ ਗਾਂਧੀ ਨੂੰ ਪਹਿਲੀ ਵਾਰ ਮਿਲਣ ’ਤੇ ਹੀ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨਾਲ ਉਹ ਆਪਣੀ ਜ਼ਿੰਦਗੀ ਬਿਤਾਉਣਾ ਚਾਹੁਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਰਾਜੀਵ ਗਾਂਧੀ ਵੀ ਉਨ੍ਹਾਂ ਬਾਰੇ ਇਹੋ ਜਿਹੀ ਭਾਵਨਾ ਰੱਖਦੇ ਸਨ।
Sonia Gandhi Rajiv Gandhi Belonging A Journey Of Love Sonia Gandhi Book X Debut Congress Cambridge Varsity Restaurant Book Release Political News