October 19, 2026
ਗਿਆਨੇਸ਼ ਕੁਮਾਰ ਖ਼ਿਲਾਫ਼ Cjp ਦੇ ਅੰਦੋਲਨ ਨੂੰ ਟੱਕਰ ਦੇਣ ਲਈ ‘ਲਾਲ ਹਿੱਟ ਜਨਤਾ ਪਾਰਟੀ’ ਮੈਦਾਨ ’ਚ
Prabhsimran Singh / Delhi
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ‘ਕੌਕਰੇਚ ਜਨਤਾ ਪਾਰਟੀ’ (CJP) ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਵਿਰੋਧ ਵਿੱਚ ਦਿੱਲੀ ਵਿੱਚ ‘ਲਾਲ ਹਿੱਟ ਜਨਤਾ ਪਾਰਟੀ’ ਨਾਮਕ ਨਵੀਂ ਧਿਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਆਈ ਇਸ ਧਿਰ ਨੇ CJP ਦੇ ਅੰਦੋਲਨ ਦਾ ਵਿਰੋਧ ਕਰਨ ਅਤੇ ਬਹਿਸ ਤੇ ਸ਼ਾਂਤਮਈ ਲਾਮਬੰਦੀ ਰਾਹੀਂ ਆਪਣੇ ਵਿਚਾਰ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਸੰਗਠਨ ਨੇ ਐਤਵਾਰ ਨੂੰ ਮਾਲਵੀਆ ਸਮ੍ਰਿਤੀ ਭਵਨ ਵਿਖੇ ਆਪਣੀ ਪਹਿਲੀ ਮੈਂਬਰਸ਼ਿਪ ਬੈਠਕ ਕੀਤੀ। ਇਸ ਮੌਕੇ ਸੰਗਠਨ ਦੇ ਕਨਵੀਨਰ ਅਯਾਨ ਭਟਨਾਗਰ ਸਮੇਤ ਹੋਰ ਬੁਲਾਰਿਆਂ ਨੇ CJP, ਕਾਂਗਰਸ ਅਤੇ ਪ੍ਰਦਰਸ਼ਨਕਾਰੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਧਰਨੇ-ਪ੍ਰਦਰਸ਼ਨ ਸੰਵਿਧਾਨਕ ਸੰਸਥਾਵਾਂ ਦੀ ਮਰਿਆਦਾ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਵਪਾਰੀਆਂ ਦੇ ਕਾਰੋਬਾਰ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਅਯਾਨ ਭਟਨਾਗਰ ਨੇ ਸਪੱਸ਼ਟ ਕੀਤਾ ਕਿ ‘ਲਾਲ ਹਿੱਟ ਜਨਤਾ ਪਾਰਟੀ’ ਦਾ ਗਠਨ ਚੋਣਾਂ ਲੜਨ ਲਈ ਨਹੀਂ ਕੀਤਾ ਗਿਆ, ਸਗੋਂ CJP ਦੀ ਮੁਹਿੰਮ ਦਾ ਵਿਰੋਧ ਕਰਨ ਅਤੇ ਉਸ ਦੇ ਤਰਕਾਂ ਨੂੰ ਚੁਣੌਤੀ ਦੇਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਗਠਨ ਉਨ੍ਹਾਂ ਲੋਕਾਂ ਦਾ ਵਿਰੋਧ ਕਰਦਾ ਹੈ ਜੋ ਉਨ੍ਹਾਂ ਦੇ ਮੁਤਾਬਕ ਦੇਸ਼ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਅਤੇ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਟਨਾਗਰ ਨੇ ਕਿਹਾ ਕਿ ਸੰਗਠਨ ਆਪਣੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ CJP ਦੇ ਦਾਅਵਿਆਂ ਨੂੰ ਵੰਗਾਰਨ ਲਈ ਛੋਟੇ ਅਤੇ ਵੱਡੇ ਪੱਧਰ ’ਤੇ ਇਕੱਠ ਕਰੇਗਾ। ਉਨ੍ਹਾਂ ਦੂਜੀ ਧਿਰ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦਿਆਂ ਕਿਹਾ ਕਿ ਬਹਿਸ ਵਿੱਚ ਜਿਸ ਪੱਖ ਦੀ ਜਿੱਤ ਹੋਵੇਗੀ, ਉਸ ਦੇ ਤਰਕਾਂ ਨੂੰ ਸਵੀਕਾਰ ਕੀਤਾ ਜਾਵੇਗਾ। ਸੰਗਠਨ ਨੇ ਨੌਜਵਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨਾਂ, ਤੱਥਾਂ ’ਤੇ ਆਧਾਰਿਤ ਗੱਲਬਾਤ ਅਤੇ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਸਮੇਤ ਹੋਰ ਸੰਵਿਧਾਨਕ ਸੰਸਥਾਵਾਂ ਦੀ ਆਜ਼ਾਦੀ ਅਤੇ ਮਰਿਆਦਾ ਦੀ ਰਾਖੀ ਕਰਨ ’ਤੇ ਜ਼ੋਰ ਦਿੱਤਾ ਗਿਆ। ਬੈਠਕ ਨੂੰ ਫ਼ਿਲਮ ਨਿਰਮਾਤਾ ਰਿਚਾ ਗੁਪਤਾ, ਪਵਨ ਨਾਗਪਾਲ ਅਤੇ ਅਤੁਲ ਗੰਗਵਾਰ ਨੇ ਵੀ ਸੰਬੋਧਨ ਕੀਤਾ। ਭਟਨਾਗਰ ਮੁਤਾਬਕ, ਇਸ ਇਕੱਠ ਦਾ ਮਕਸਦ ਸੰਗਠਨ ਦੀ ਭਵਿੱਖੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨਾ ਅਤੇ ਥੋੜ੍ਹੇ ਸਮੇਂ ਦੇ ਨੋਟਿਸ ’ਤੇ ਲੋਕਾਂ ਨੂੰ ਇਕੱਠਾ ਕਰਨ ਦੀ ਸਮਰੱਥਾ ਦਿਖਾਉਣਾ ਸੀ। ਉਨ੍ਹਾਂ ਇਹ ਸਵਾਲ ਵੀ ਉਠਾਇਆ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ ਦੇਣ ਤਾਂ ਕਿੰਨੇ ਲੋਕ ਇਸ ਵਿੱਚ ਸ਼ਾਮਲ ਹੋਣਗੇ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ CJP ਵੱਲੋਂ ਦਿੱਲੀ ਦੇ ਕਨੌਟ ਪਲੇਸ ਸਮੇਤ ਹੋਰ ਇਲਾਕਿਆਂ ਵਿੱਚ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦਾ ਵਪਾਰੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਪ੍ਰਦਰਸ਼ਨਾਂ ਕਾਰਨ ਕਾਰੋਬਾਰੀ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ। ‘ਲਾਲ ਹਿੱਟ ਜਨਤਾ ਪਾਰਟੀ’ ਦੇ ਸਾਹਮਣੇ ਆਉਣ ਨਾਲ ਦਿੱਲੀ ਵਿੱਚ ਇਸ ਮੁੱਦੇ ’ਤੇ ਚੱਲ ਰਹੀ ਖਿੱਚੋਤਾਣ ਹੋਰ ਤੇਜ਼ ਹੋ ਗਈ ਹੈ। ਹੁਣ ਦੋਵੇਂ ਧਿਰਾਂ ਲੋਕਤੰਤਰੀ ਸੰਸਥਾਵਾਂ ਦੀ ਮਰਿਆਦਾ, ਪ੍ਰਦਰਸ਼ਨ ਕਰਨ ਦੇ ਅਧਿਕਾਰ ਅਤੇ ਜਵਾਬਦੇਹੀ ਦੇ ਮੁੱਦਿਆਂ ’ਤੇ ਆਪਣਾ ਪੱਖ ਪੇਸ਼ ਕਰ ਰਹੀਆਂ ਹਨ।
Chief Election Commissioner Gyanesh Kumar Cjp Lal Hit Janata Party Ayan Bhatnagar Delhi Protest Election Commission Of India Indian Politics Constitutional Institutions Connaught Place New Delhi Political Protest