November 1, 2026
ਰਾਹੁਲ ਗਾਂਧੀ ਦਾ ਵੱਡਾ ਦਾਅਵਾ: 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਹੋਈ 'ਵੋਟ ਚੋਰੀ'
Prabhsimran Singh / Delhi
ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 'ਇੰਡੀਆ' (INDIA) ਗਠਜੋੜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਮੱਧ ਪ੍ਰਦੇਸ਼, ਹਰਿਆਣਾ, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਕਰਨਾਟਕ ਸਮੇਤ ਕਈ ਸੂਬਿਆਂ ਦੀਆਂ ਚੋਣਾਂ ਵਿੱਚ ਹੇਰਾਫੇਰੀ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਵੀ 'ਵੋਟ ਚੋਰੀ' ਤੋਂ ਪ੍ਰਭਾਵਿਤ ਹੋਈਆਂ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦਾ ਇਹ ਇਕੱਠ ਸਿਰਫ਼ ਸਿਆਸੀ ਦਿਖਾਵਾ ਨਹੀਂ ਹੈ, ਸਗੋਂ ਇਹ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਅਤੇ ਆਮ ਨਾਗਰਿਕਾਂ ਦੀ ਆਵਾਜ਼ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਸੰਵਿਧਾਨ ਦੀ ਰੱਖਿਆ ਲਈ ਇਕਜੁੱਟ ਹਨ ਅਤੇ ਇਸ ਨੂੰ ਕਮਜ਼ੋਰ ਜਾਂ ਤਬਾਹ ਨਹੀਂ ਹੋਣ ਦੇਣਗੇ। ਈਵੀਐੱਮ (EVM) ਰਾਹੀਂ ਕਥਿਤ ਹੇਰਾਫੇਰੀ ਅਤੇ ਵੋਟਰ ਸੂਚੀਆਂ ਵਿੱਚ ਨਾਮ ਜੋੜਨ ਤੇ ਕੱਟਣ ਦਾ ਮੁੱਦਾ ਚੁੱਕਦਿਆਂ ਰਾਹੁਲ ਨੇ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ 13.5 ਕਰੋੜ ਵੋਟਰਾਂ ਦੇ ਨਾਮ ਸੂਚੀਆਂ ਵਿੱਚੋਂ ਹਟਾ ਦਿੱਤੇ ਗਏ। ਉਨ੍ਹਾਂ ਮੁਤਾਬਕ ਇਹ ਗਿਣਤੀ ਕੁੱਲ ਵੋਟਰਾਂ ਦਾ ਲਗਭਗ 15 ਫੀਸਦੀ ਹੈ, ਜਿਸ ਦਾ ਮਤਲਬ ਹੈ ਕਿ ਹਰ ਸੱਤ ਵਿੱਚੋਂ ਇੱਕ ਵੋਟਰ ਨੂੰ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ। ਰਾਹੁਲ ਨੇ 2024 ਦੀਆਂ ਚੋਣਾਂ ਦੌਰਾਨ ਐੱਨਡੀਏ (NDA) ਅਤੇ ਵਿਰੋਧੀ ਧਿਰ ਦੇ ਵੋਟ ਸ਼ੇਅਰ ਵਿਚਕਾਰ ਲਗਭਗ ਤਿੰਨ ਫੀਸਦੀ ਦੇ ਅੰਤਰ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਇੰਨੀ ਵੱਡੀ ਗਿਣਤੀ ਵਿੱਚ ਵੋਟਰਾਂ ਦੇ ਨਾਮ ਕਿਵੇਂ ਕੱਟੇ ਜਾ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵੱਡੇ ਪੱਧਰ 'ਤੇ ਵੋਟਰਾਂ ਦੇ ਨਾਮ ਹਟਾਏ ਜਾਣ ਨਾਲ ਲੋਕ ਸਭਾ ਚੋਣਾਂ ਦੀ ਜਾਇਜ਼ਤਾ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਦੇ ਆਪਣੇ ਅੰਕੜੇ 13.5 ਕਰੋੜ ਵੋਟਰਾਂ ਨੂੰ ਹਟਾਏ ਜਾਣ ਦੀ ਗੱਲ ਦਰਸਾਉਂਦੇ ਹਨ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਰਾਹੁਲ ਗਾਂਧੀ ਨੇ ਉਨ੍ਹਾਂ 'ਤੇ ਨਾਗਰਿਕਾਂ ਦੀ ਆਵਾਜ਼ ਦਬਾਉਣ ਦੇ ਦੋਸ਼ ਲਾਏ। ਉਨ੍ਹਾਂ ਰੈਲੀ ਦੇ ਮੰਚ ਤੋਂ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਹਟਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਜੇਲ੍ਹ ਜਾਣਾ ਪਵੇਗਾ। ਰਾਹੁਲ ਨੇ ਕਿਹਾ ਕਿ ਕਥਿਤ ਵੋਟ ਚੋਰੀ ਕੋਈ ਆਮ ਅਪਰਾਧ ਨਹੀਂ ਹੈ, ਸਗੋਂ ਇਹ ਹਰ ਨਾਗਰਿਕ ਦੀ ਆਵਾਜ਼ ਅਤੇ ਪ੍ਰਗਟਾਵੇ ਦੀ ਆਜ਼ਾਦੀ ਖੋਹਣ ਦੇ ਬਰਾਬਰ ਹੈ। ਇਸ ਦੌਰਾਨ ਉਨ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ (RSS) 'ਤੇ ਵੀ ਕਈ ਸੰਸਥਾਵਾਂ ਵਿੱਚ ਦਖ਼ਲਅੰਦਾਜ਼ੀ ਅਤੇ ਕਬਜ਼ਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਖੇਤਰਾਂ ਤੋਂ ਇਲਾਵਾ ਈਡੀ (ED), ਸੀਬੀਆਈ (CBI), ਨੌਕਰਸ਼ਾਹੀ ਅਤੇ ਪੁਲੀਸ ਵਰਗੀਆਂ ਸੰਸਥਾਵਾਂ 'ਤੇ ਵੀ ਕਬਜ਼ਾ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਕਿਸਾਨਾਂ ਦੇ ਹੱਕਾਂ, ਨੌਜਵਾਨਾਂ ਦੇ ਰੁਜ਼ਗਾਰ ਅਤੇ ਦੇਸ਼ ਵਿੱਚ ਵਧ ਰਹੀ ਆਰਥਿਕ ਅਸਮਾਨਤਾ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ, ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਦੇਸ਼ ਦੀ ਦੌਲਤ ਕੁਝ ਉਦਯੋਗਪਤੀਆਂ ਦੇ ਹੱਥਾਂ ਵਿੱਚ ਇਕੱਠੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਜਿਹਾ ਨਹੀਂ ਹੋਣਾ ਚਾਹੀਦਾ ਜਿੱਥੇ ਸਾਰੀ ਤਾਕਤ ਅਤੇ ਦੌਲਤ ਸਿਰਫ਼ ਦੋ-ਤਿੰਨ ਲੋਕਾਂ ਤੱਕ ਸੀਮਤ ਹੋਵੇ। ਰਾਹੁਲ ਨੇ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣਾ ਦੇਸ਼ ਨੂੰ ਮੁੜ ਸਹੀ ਰਸਤੇ 'ਤੇ ਲਿਆਉਣ ਵੱਲ ਪਹਿਲਾ ਕਦਮ ਹੋਵੇਗਾ।
Rahul Gandhi India Alliance Vote Chori Evm Election Commission Gyanesh Kumar Chief Election Commissioner Voter List Lok Sabha Elections 2024 Ramlila Maidan Congress Indian Politics Opposition Rally Rss