September 8, 2025 12:00:22
S M Singh / Patiala
Reporter..S M Singh
ਪਟਿਆਲਾ ਤੋਂ ਹੜ੍ਹ ਪੀੜਤ ਸਰਹੱਦੀ ਜ਼ਿਲ੍ਹਿਆਂ ਲਈ 16 ਟਰੱਕ ਰਾਹਤ ਸਮੱਗਰੀ ਰਵਾਨਾ
ਪਟਿਆਲਾ, 8 ਸਤੰਬਰ 2025 :
ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਸਹਾਇਤਾ ਯਤਨਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੇ ਹੋਏ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਤੋਂ 16 ਰਾਹਤ ਟਰੱਕਾਂ ਨੂੰ ਰਵਾਨਾ ਕੀਤਾ। ਇਹ ਰਾਹਤ ਸਮੱਗਰੀ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਵੱਲੋਂ ਇਕੱਠੀ ਕੀਤੀ ਗਈ ਹੈ, ਜਿਸ ਵਿੱਚ 5000 ਰਾਸ਼ਨ ਕਿੱਟਾਂ, ਪਸ਼ੂਆਂ ਲਈ ਸਾਇਲੇਜ, ਮੈਡੀਕਲ ਕਿੱਟਾਂ, ਓ.ਆਰ.ਐਸ., ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਓਡੋਮੋਸ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਹਨ। ਇਹ ਟਰੱਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਸਮੇਤ ਹੜ੍ਹ ਪ੍ਰਭਾਵਿਤ ਸਰਹੱਦੀ ਜ਼ਿਲ੍ਹਿਆਂ ਵੱਲ ਭੇਜੇ ਗਏ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਪੰਜਾਬੀਆਂ ਦੀ ਚੜ੍ਹਦੀਕਲਾ ਅਤੇ ਮਨੁੱਖਤਾ ਦੀ ਮਿਸਾਲ ਹੈ। ਪਟਿਆਲਾ ਜ਼ਿਲ੍ਹਾ ਖੁਦ ਪ੍ਰਭਾਵਿਤ ਹੋਣ ਦੇ ਬਾਵਜੂਦ ਇਥੋਂ ਦੇ ਲੋਕ ਹੋਰਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਖ਼ਾਸ ਤੌਰ 'ਤੇ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਤ, ਡਾਇਰੈਕਟਰ ਖ਼ੁਰਾਕ ਤੇ ਸਿਵਲ ਸਪਲਾਈਜ਼ ਵਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੋਬਾਈਲ ਹੈਲਥ ਕੈਂਪ, ਪਸ਼ੂ ਇਲਾਜ ਸੇਵਾਵਾਂ, ਰਾਸ਼ਨ ਵੰਡ ਅਤੇ ਪੁਨਰਵਾਸ ਉਪਰਾਲਿਆਂ ਰਾਹੀਂ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਐਸ.ਡੀ.ਐਮ. ਹਰਜੋਤ ਕੌਰ ਸਮੇਤ ਕਈ ਸਮਾਜ ਸੇਵੀ ਅਤੇ ਅਧਿਕਾਰੀ ਵੀ ਹਾਜ਼ਰ ਸਨ।
16