September 20, 2026
ਸੁਨਾਮ ’ਚ ਕਿਸਾਨਾਂ ਨਾਲ ਟਰੈਕਟਰਾਂ ਦੇ ਮਾਮਲੇ ’ਚ ਧੋਖਾਧੜੀ ਦੇ ਦੋਸ਼, 22 ਸਤੰਬਰ ਨੂੰ ਚੋਲਾ ਮੰਡਲ ਬੈਂਕ ਅੱਗੇ ਧਰਨਾ
Prabhsimran Singh / Sangrur
ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਦੀ ਅਗਵਾਈ ਹੇਠ ਬਾਬਾ ਅਟਕ ਦਾਸ ਦੀ ਕੁਟੀਆ, ਲਹਿਲ ਕਲਾਂ ਵਿਖੇ ਹੋਈ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਧਰਮਿੰਦਰ ਸਿੰਘ ਪਸੌਰ, ਸੀਨੀਅਰ ਮੀਤ ਪ੍ਰਧਾਨ ਰਾਮਪਾਲ ਸ਼ਰਮਾ ਸੁਨਾਮ ਅਤੇ ਸੂਬਾ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਨੰਗਲਾ ਨੇ ਕਿਸਾਨੀ ਮਸਲਿਆਂ ਦੇ ਹੱਲ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤਾ ਤੁਰੰਤ ਰੱਦ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ ਕਈ ਸਾਲਾਂ ਤੋਂ ਸੁਨਾਮ ਵਿੱਚ ਕੁਝ ਥਾਵਾਂ ’ਤੇ ਕਿਸਾਨਾਂ ਨੂੰ ਕਥਿਤ ਤੌਰ ’ਤੇ ਚੋਰੀ ਦੇ ਟਰੈਕਟਰ ਵੇਚੇ ਜਾ ਰਹੇ ਹਨ ਅਤੇ ਬਿਨਾਂ ਕਾਗਜ਼ਾਂ ਤੋਂ ਲੋਨ ਕਰਵਾ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਚੋਲਾ ਮੰਡਲ ਬੈਂਕ ਸੰਗਰੂਰ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਜਥੇਬੰਦੀ ਮੁਤਾਬਕ ਕਿਸਾਨ ਬਿੰਦਰ ਸਿੰਘ ਗਿੱਦੜਿਆਣੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਦੋਂ ਇਸ ਦੀ ਪੜਚੋਲ ਕੀਤੀ ਗਈ ਅਤੇ ਬੈਂਕ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਤਾਂ ਕਥਿਤ ਤੌਰ ’ਤੇ ਸੈਂਕੜੇ ਕਿਸਾਨਾਂ ਨਾਲ ਇਸ ਤਰ੍ਹਾਂ ਦੀ ਧੋਖਾਧੜੀ ਹੋਣ ਦੀ ਜਾਣਕਾਰੀ ਮਿਲੀ। ਕਿਸਾਨ ਆਗੂਆਂ ਨੇ ਕਿਹਾ ਕਿ ਕਾਗਜ਼ਾਂ ਤੋਂ ਬਿਨਾਂ ਪੀੜਤ ਕਿਸਾਨ ਨਾ ਤਾਂ ਟਰੈਕਟਰ ਵੇਚ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਸੜਕਾਂ ’ਤੇ ਚਲਾ ਕੇ ਫ਼ਸਲ ਮੰਡੀਆਂ ਤੱਕ ਲਿਜਾ ਸਕਦੇ ਹਨ। ਜਥੇਬੰਦੀ ਨੇ ਦੱਸਿਆ ਕਿ ਮਾਮਲੇ ਸਬੰਧੀ ਲਹਿਰਾਗਾਗਾ ਦੇ ਡੀ.ਐੱਸ.ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਕਥਿਤ ਤੌਰ ’ਤੇ ਚੋਰੀ ਦੇ ਟਰੈਕਟਰ ਵੇਚਣ ਵਾਲੀਆਂ ਏਜੰਸੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ, ਪਰ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੇ ਚੱਲਦਿਆਂ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ 22 ਸਤੰਬਰ ਨੂੰ ਸੰਗਰੂਰ ਸਥਿਤ ਚੋਲਾ ਮੰਡਲ ਬੈਂਕ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕੀਤਾ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਬੈਂਕ ਅਤੇ ਪ੍ਰਸ਼ਾਸਨ ਦੀ ਹੋਵੇਗੀ। ਮੀਟਿੰਗ ਵਿੱਚ ਮਹਿਲਾ ਆਗੂ ਪਰਮਜੀਤ ਕੌਰ ਲਹਿਲ ਕਲਾਂ, ਜਸਵੀਰ ਕੌਰ ਲਹਿਲ ਕਲਾਂ, ਬੰਤ ਦਾਸ ਸੇਖੂਵਾਸ, ਅਮਰੀਕ ਸਿੰਘ, ਕਰਮਜੀਤ ਸਿੰਘ ਸੰਗਤਪੁਰਾ, ਬਿੰਦਰ ਸਿੰਘ ਗਿੱਦੜਿਆਣੀ ਅਤੇ ਰਾਜਿੰਦਰ ਸਿੰਘ ਰਾਮਗੜ੍ਹ ਸਮੇਤ ਹੋਰ ਕਿਸਾਨ ਹਾਜ਼ਰ ਸਨ।
Punjab News Sangrur News Sunam News Farmers Protest Bku Ekta Malwai Farmers Issues Tractor Fraud Chola Mandal Bank Sangrur Farmers Punjab Farmers Farmer Protest Lehli Kalan