October 4, 2026
‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਦੂਜੀ ਕਿਸ਼ਤ ਮਿਲਣ ’ਤੇ ਖੁਸ਼ ਹੋਈ ਬੇਬੇ ਗੁਰਮੇਲ ਕੌਰ ਨੂੰ ਮਿਲਣਗੇ Cm ਮਾਨ
Prabhsimran Singh / Bathinda
ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਦੂਜੀ ਕਿਸ਼ਤ ਮਿਲਣ ’ਤੇ ਖੁਸ਼ੀ ਜ਼ਾਹਰ ਕਰਨ ਵਾਲੀ 75 ਸਾਲਾ ਗੁਰਮੇਲ ਕੌਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਲਾਕਾਤ ਕਰਨਗੇ। ਬਠਿੰਡਾ ਜ਼ਿਲ੍ਹੇ ਦੇ ਪਿੰਡ ਆਦਮਪੁਰਾ ਦੀ ਰਹਿਣ ਵਾਲੀ ਗੁਰਮੇਲ ਕੌਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਹ ਖੁਸ਼ੀ ਨਾਲ ਕਹਿੰਦੀ ਨਜ਼ਰ ਆਈ ਸੀ, “ਅੱਜ ਫੇਰ ਹੋ ਗਈ ਟੂੰ-ਟੂੰ, ਬਹੁਤ ਚਾਅ ਚੜ੍ਹ ਗਿਆ… ਅੱਜ ਤਿੰਨ ਹਜ਼ਾਰ ਆ ਗਏ।” ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਨੇ ਗੁਰਮੇਲ ਕੌਰ ਦੇ ਪਰਿਵਾਰ ਨਾਲ ਸੰਪਰਕ ਕੀਤਾ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਲਈ ਵਿਸ਼ੇਸ਼ ਗੱਡੀ ਭੇਜੀ ਗਈ। ਮਾਰਕਫ਼ੈੱਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਗੁਰਮੇਲ ਕੌਰ ਰਾਮਪੁਰਾ ਫੂਲ ਹਲਕੇ ਦੇ ਪਿੰਡ ਆਦਮਪੁਰਾ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਪਤੀ ਚੌਕੀਦਾਰ ਹੈ, ਜਦਕਿ ਦੋਵੇਂ ਪੁੱਤਰ ਦਿਹਾੜੀ ਅਤੇ ਡਰਾਈਵਰੀ ਕਰਦੇ ਹਨ। ਗੁਰਮੇਲ ਕੌਰ ਨੇ ਕਿਹਾ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਵਰਗੇ ਗਰੀਬ ਪਰਿਵਾਰ ਨੂੰ ਮੁੱਖ ਮੰਤਰੀ ਦੇ ਘਰ ਜਾਣ ਦਾ ਮੌਕਾ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਗੁਰਮੇਲ ਕੌਰ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਹਨ, ਜਿਸ ਕਾਰਨ ਉਹ ਕਾਫ਼ੀ ਮਸ਼ਹੂਰ ਹੋਈ ਹੈ।
Punjab News Bhagwant Mann Gurmel Kaur Mawan Dhiyan Satikar Yojana Punjab Government Bathinda News Adampura Rampura Phul Viral Video Punjab Politics Latest Punjab News