October 27, 2026
ਪੰਜਾਬ ਦੇ ਕਰੀਬ ਦੋ ਦਰਜਨ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਅੰਮ੍ਰਿਤਪਾਲ ਬਾਠ ਕੈਨੇਡਾ ਵਿੱਚ ਗ੍ਰਿਫ਼ਤਾਰ, ਭਾਰਤ ਲਿਆਉਣ ਦੀ ਤਿਆਰੀ
Prabhsimran Singh / Punjab
ਪੰਜਾਬ ਵਿੱਚ ਕਤਲਾਂ ਸਮੇਤ ਕਰੀਬ ਦੋ ਦਰਜਨ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਅਤੇ ਭਗੌੜੇ ਕਰਾਰ ਦਿੱਤੇ ਗਏ ਅੰਮ੍ਰਿਤਪਾਲ ਸਿੰਘ ਬਾਠ (33) ਉਰਫ਼ ਹਰਪ੍ਰੀਤ ਸਿੰਘ ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਰੀ ਪੁਲੀਸ ਨੇ ਉਸ ਨੂੰ ਕੈਨੇਡਾ ਦੀ ਕੇਂਦਰੀ ਪੁਲੀਸ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਦੇ ਹਵਾਲੇ ਕਰ ਦਿੱਤਾ ਹੈ। ਹੁਣ ਉਸ ਨੂੰ ਭਾਰਤ ਲਿਆਉਣ ਲਈ ਰਸਮੀ ਇਮੀਗ੍ਰੇਸ਼ਨ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਪਾਲ ਸਿੰਘ ਬਾਠ ਦੀ ਗ੍ਰਿਫ਼ਤਾਰੀ ਲਈ ਭਾਰਤ ਵੱਲੋਂ ਇੰਟਰਪੋਲ ਦੀ ਮਦਦ ਮੰਗੀ ਗਈ ਸੀ। ਉਸ ਦੇ ਕੈਨੇਡਾ ਵਿੱਚ ਹੋਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸਰੀ ਪੁਲੀਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਭਾਰਤੀ ਪੁਲੀਸ ਅਧਿਕਾਰੀ ਨੇ ਵੀ ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀ ਮੁਤਾਬਕ ਮੁਲਜ਼ਮ ਨੂੰ ਭਾਰਤ ਵਾਪਸ ਲਿਆਉਣ ਲਈ ਲੋੜੀਂਦੇ ਇਮੀਗ੍ਰੇਸ਼ਨ ਦਸਤਾਵੇਜ਼ ਤਿਆਰ ਕਰਕੇ ਕੈਨੇਡਾ ਪੁਲੀਸ ਨੂੰ ਭੇਜੇ ਜਾਣਗੇ। ਸਰੀ ਪੁਲੀਸ ਨੇ ਦੱਸਿਆ ਕਿ ਕਿਸੇ ਮੁਲਜ਼ਮ ਨੂੰ ਵਿਦੇਸ਼ ਹਵਾਲੇ ਕਰਨ ਦੀ ਕਾਰਵਾਈ ਉਸ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਇਸ ਲਈ ਅੰਮ੍ਰਿਤਪਾਲ ਬਾਠ ਨੂੰ RCMP ਦੇ ਹਵਾਲੇ ਕੀਤਾ ਗਿਆ ਹੈ, ਜੋ ਉਸ ਨੂੰ ਭਾਰਤ ਭੇਜਣ ਸਬੰਧੀ ਕਾਰਵਾਈ ਕਰ ਰਹੀ ਹੈ। ਪੰਜਾਬ ਪੁਲੀਸ ਮੁਤਾਬਕ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਅੰਮ੍ਰਿਤਪਾਲ ਸਿੰਘ ਬਾਠ ਵਿਰੁੱਧ ਕਤਲਾਂ ਦੀ ਸਾਜ਼ਿਸ਼ ਘੜਨ, ਫਿਰੌਤੀਆਂ ਮੰਗਣ ਅਤੇ ਨਸ਼ਾ ਤਸਕਰੀ ਸਮੇਤ ਕਰੀਬ ਦੋ ਦਰਜਨ ਅਪਰਾਧਿਕ ਮਾਮਲੇ ਦਰਜ ਹਨ। ਉਸ ਉੱਤੇ ਪਿੰਡ ਲਾਲੂ ਘੁੰਮਣ ਦੇ ਬਜ਼ੁਰਗ ਸਰਪੰਚ ਅਤੇ ਇਸੇ ਜ਼ਿਲ੍ਹੇ ਦੇ ਇੱਕ ਹੋਰ ਪਿੰਡ ਦੇ ਸਰਪੰਚ ਗੋਲਡੀ ਚੀਮਾ ਦੇ ਕਤਲਾਂ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਵੀ ਹਨ। ਇਸ ਤੋਂ ਇਲਾਵਾ, ਉਸ ਦੇ ਪਾਬੰਦੀਸ਼ੁਦਾ ਸੰਗਠਨ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਨਾਲ ਨੇੜਲੇ ਸਬੰਧ ਹੋਣ ਦੇ ਦੋਸ਼ ਹਨ। ਇਨ੍ਹਾਂ ਮਾਮਲਿਆਂ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰ ਲਾਂਬਾ ਵੱਲੋਂ ਵੀ ਜਾਣਕਾਰੀ ਜਨਤਕ ਕੀਤੀ ਗਈ ਹੈ। ਅੰਮ੍ਰਿਤਪਾਲ ਬਾਠ ਦਾ ਸਿਆਸੀ ਪਰਿਵਾਰ ਨਾਲ ਵੀ ਸਬੰਧ ਹੈ। ਉਸ ਦੀ ਪਤਨੀ ਕੰਚਨਪ੍ਰੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹਲਕਾ ਖਡੂਰ ਸਾਹਿਬ ਦੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਰੰਧਾਵਾ ਨੇ ਨਵੰਬਰ 2025 ਵਿੱਚ ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉਮੀਦਵਾਰ ਵਜੋਂ ਲੜੀ ਸੀ। ਇਸ ਚੋਣ ਵਿੱਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਤੋਂ 12 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ।
Amritpal Singh Bath Harpreet Singh Punjab News Canada News Surrey Police Rcmp Interpol Tarn Taran Punjab Police Wanted Criminal Extradition To India Kanchanpreet Kaur Shiromani Akali Dal