October 30, 2026
2027 ਪੰਜਾਬ ਵਿਧਾਨ ਸਭਾ ਚੋਣਾਂ: ‘ਆਪ’ ਕੱਲ੍ਹ ਜਾਰੀ ਕਰੇਗੀ ਉਮੀਦਵਾਰਾਂ ਦੀ ਪਹਿਲੀ ਸੂਚੀ, 15 ਨਾਵਾਂ ’ਤੇ ਬਣੀ ਸਹਿਮਤੀ
Prabhsimran Singh / Punjab
ਪਾਰਟੀ ਦੇ ਸੂਤਰਾਂ ਮੁਤਾਬਕ ਹਾਈਕਮਾਨ ਵੱਲੋਂ ਲਗਪਗ 15 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਅੱਜ ਦੀ ਸ਼ੁਰੂਆਤੀ ਚਰਚਾ ਉਨ੍ਹਾਂ ਉਮੀਦਵਾਰਾਂ ’ਤੇ ਕੇਂਦਰਿਤ ਰਹੀ, ਜੋ ਦੋ ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਲਗਾਤਾਰ ਤੀਜੀ ਵਾਰ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਪਹਿਲੀ ਸੂਚੀ ਜਾਰੀ ਹੋਣ ਨਾਲ ‘ਆਪ’ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰਨ ਵਾਲੀ ਪਹਿਲੀ ਸਿਆਸੀ ਪਾਰਟੀ ਬਣ ਸਕਦੀ ਹੈ। ਸੂਬੇ ਵਿੱਚ ਚੋਣਾਂ ਤੈਅ ਸ਼ਡਿਊਲ ਮੁਤਾਬਕ ਫਰਵਰੀ ਮਹੀਨੇ ਵਿੱਚ ਹੋਣੀਆਂ ਹਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਵੱਲੋਂ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (SIR) ਦੀ ਪ੍ਰਕਿਰਿਆ ਸਮਾਪਤ ਹੋਣ ਦੇ ਮੱਦੇਨਜ਼ਰ ਪਾਰਟੀ ਉਮੀਦਵਾਰਾਂ ਦਾ ਐਲਾਨ ਪਹਿਲਾਂ ਕਰਨਾ ਚਾਹੁੰਦੀ ਹੈ, ਤਾਂ ਜੋ ਉਨ੍ਹਾਂ ਨੂੰ ਆਪਣੇ ਹਲਕਿਆਂ ਵਿੱਚ ਵੋਟਰਾਂ ਤੱਕ ਪਹੁੰਚਣ ਅਤੇ ਸਮਰਥਨ ਜੁਟਾਉਣ ਲਈ ਕਾਫ਼ੀ ਸਮਾਂ ਮਿਲ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਦੇ 94 ਵਿਧਾਇਕ ਹਨ।
Punjab Politics Aam Aadmi Party Bhagwant Mann Arvind Kejriwal Aman Arora Manish Sisodia Harpal Cheema Punjab Assembly Elections 2027 Punjab Elections Candidate List Aap Punjab