November 2, 2026
ਡਾ. ਅਨਿਲ ਕੁਮਾਰ ਗੋਇਲ ਬਣੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ
Prabhsimran Singh / Faridkot
ਪੰਜਾਬ ਸਰਕਾਰ ਨੇ ਲੰਮੀ ਉਡੀਕ ਮਗਰੋਂ ਡਾ. ਅਨਿਲ ਕੁਮਾਰ ਗੋਇਲ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦਾ ਡਾਇਰੈਕਟਰ ਨਿਯੁਕਤ ਕਰ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦੇ ਰਹਿਣ ਵਾਲੇ ਡਾ. ਗੋਇਲ ਦੀ ਵਿਭਾਗ ਅੰਦਰ ਸਾਫ਼-ਸੁਥਰੀ ਛਵੀ ਅਤੇ ਅਸੂਲਾਂ ’ਤੇ ਚੱਲਣ ਵਾਲੇ ਅਧਿਕਾਰੀ ਵਜੋਂ ਪਛਾਣ ਹੈ। ਉਹ ਇਸ ਤੋਂ ਪਹਿਲਾਂ ਵਿਭਾਗ ਵਿੱਚ ਡਾਇਰੈਕਟਰ (ਸਮਾਜਿਕ ਬੀਮਾ-ਈਐੱਸਆਈ) ਦੇ ਅਹੁਦੇ ’ਤੇ ਤਾਇਨਾਤ ਸਨ। ਇਸ ਤੋਂ ਇਲਾਵਾ ਉਹ ਦਸੰਬਰ 2023 ਤੋਂ ਸਤੰਬਰ 2025 ਤੱਕ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਹੀ ਡਾ. ਅਨਿਲ ਕੁਮਾਰ ਗੋਇਲ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਦਸੰਬਰ 1993 ਵਿੱਚ ਬਠਿੰਡਾ ਦੇ ਪਿੰਡ ਬੁਰਜ ਮਹਿਮਾ ਤੋਂ ਬਤੌਰ ਡਾਕਟਰ ਆਪਣੀ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਸਾਲ 2017 ਤੋਂ 2023 ਤੱਕ ਉਹ ਗੋਨਿਆਣਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਵਜੋਂ ਤਾਇਨਾਤ ਰਹੇ। ਸਾਲ 2025 ਵਿੱਚ ਉਨ੍ਹਾਂ ਨੇ ਫ਼ਰੀਦਕੋਟ ਦੇ ਸਿਵਲ ਸਰਜਨ ਵਜੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਵਿਭਾਗ ਅੰਦਰ ਡਾ. ਗੋਇਲ ਦੀ ਪਛਾਣ ਇੱਕ ਸਖ਼ਤ ਸੁਭਾਅ ਅਤੇ ਅਸੂਲਾਂ ’ਤੇ ਪਹਿਰਾ ਦੇਣ ਵਾਲੇ ਅਧਿਕਾਰੀ ਵਜੋਂ ਕੀਤੀ ਜਾਂਦੀ ਹੈ। ਡਾ. ਅਨਿਲ ਕੁਮਾਰ ਗੋਇਲ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇੱਕ ਦਿਲਚਸਪ ਪੱਖ ਵੀ ਸਾਹਮਣੇ ਆਉਂਦਾ ਹੈ। ਪੰਜਾਬ ਵਿੱਚ ਗਿਆਨੀ ਜ਼ੈਲ ਸਿੰਘ ਦੀ ਵਜ਼ਾਰਤ ਦੌਰਾਨ ਐੱਸਐੱਸਐੱਸ ਬੋਰਡ ਪੰਜਾਬ ਦੇ ਚੇਅਰਮੈਨ ਰਹੇ ਹੇਮ ਰਾਜ ਮਿੱਤਲ ਆਪਣੀ ਇਮਾਨਦਾਰੀ ਲਈ ਜਾਣੇ ਜਾਂਦੇ ਸਨ। ਉਹ ਚੇਅਰਮੈਨ ਹੁੰਦਿਆਂ ਵੀ ਸਾਈਕਲ ’ਤੇ ਦਫ਼ਤਰ ਜਾਂਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਗੋਨਿਆਣਾ ਮੰਡੀ ਵਿੱਚ ਆਟਾ ਚੱਕੀ ਚਲਾ ਕੇ ਬਤੀਤ ਕੀਤੀ। ਦੱਸਿਆ ਜਾਂਦਾ ਹੈ ਕਿ ਹੇਮ ਰਾਜ ਮਿੱਤਲ ਡਾ. ਅਨਿਲ ਕੁਮਾਰ ਗੋਇਲ ਦੇ ਸਾਫ਼ ਅਕਸ ਅਤੇ ਅਸੂਲਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਡਾ. ਗੋਇਲ ਨਾਲ ਕਰ ਦਿੱਤਾ। ਨਵੇਂ ਅਹੁਦੇ ’ਤੇ ਨਿਯੁਕਤੀ ਤੋਂ ਬਾਅਦ ਡਾ. ਅਨਿਲ ਕੁਮਾਰ ਗੋਇਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ ਹੈ। ਹੁਣ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਵਜੋਂ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਸ਼ੁਰੂ ਹੋਵੇਗੀ।
Dr Anil Kumar Goel Punjab Health Department Health Director Punjab Punjab Government Health And Family Welfare Department Punjab Health News Dr Balbir Singh Bhagwant Mann Bathinda News Goniana Faridkot Punjab State Award Punjab Administration