November 15, 2026
ਅੰਮ੍ਰਿਤਸਰ 'ਚ ਛਠ ਪੂਜਾ ਮੌਕੇ ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਭਾਈਚਾਰਕ ਸਾਂਝ ਦੀ ਮਿਸਾਲ, ਸ਼ਰਧਾਲੂਆਂ ਲਈ ਬਣਵਾਇਆ ਵਿਸ਼ਾਲ ਸਰੋਵਰ
Prabhsimran Singh / Amritsar
ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਛਠ ਪੂਜਾ ਦੇ ਤਿਉਹਾਰ ਮੌਕੇ ਸਿੱਖ ਭਾਈਚਾਰੇ ਨੇ ਦਰਿਆਦਿਲੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ। ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਨਾਲ ਸਬੰਧਤ ਪਰਵਾਸੀ ਭਾਈਚਾਰੇ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਸਿੱਖ ਸੰਸਥਾਵਾਂ ਅਤੇ ਸਥਾਨਕ ਪਰਿਵਾਰ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਜਿੱਥੇ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਸੰਸਥਾ ਵੱਲੋਂ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ ਗਏ ਹਨ, ਉੱਥੇ ਹੀ ਕੰਡਾ ਪਰਿਵਾਰ ਨੇ ਆਪਣੇ ਨਿੱਜੀ ਖਰਚੇ 'ਤੇ ਸ਼ਰਧਾਲੂਆਂ ਲਈ ਇੱਕ ਵਿਸ਼ਾਲ ਆਰਜ਼ੀ ਜਲ ਸਰੋਵਰ ਤਿਆਰ ਕਰਵਾਇਆ ਹੈ। ਚਾਰ ਦਿਨਾਂ ਤੱਕ ਚੱਲਣ ਵਾਲੇ ਛਠ ਪੂਜਾ ਤਿਉਹਾਰ ਦਾ ਮੁੱਖ ਸਮਾਗਮ ਐਤਵਾਰ ਨੂੰ ਹੋਵੇਗਾ। ਇਸ ਮੌਕੇ ਵਰਤ ਰੱਖਣ ਵਾਲੇ ਸ਼ਰਧਾਲੂ ਨਹਿਰਾਂ, ਛੱਪੜਾਂ ਅਤੇ ਹੋਰ ਜਲ ਸਰੋਤਾਂ ਦੇ ਕੰਢੇ ਖੜ੍ਹੇ ਹੋ ਕੇ ਸੂਰਜ ਦੇਵਤਾ ਨੂੰ ਅਰਘ ਦੇਣਗੇ। ਸ਼ਰਧਾਲੂਆਂ ਦੀ ਵੱਡੀ ਗਿਣਤੀ ਅਤੇ ਪਾਣੀ ਦੀ ਲੋੜ ਨੂੰ ਦੇਖਦਿਆਂ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਸੰਸਥਾ ਵੱਲੋਂ ਚਾਰ ਪਾਣੀ ਦੇ ਟੈਂਕਰ ਤਾਇਨਾਤ ਕੀਤੇ ਗਏ ਹਨ। ਸੰਸਥਾ ਨੇ ਲੋੜ ਪੈਣ 'ਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ ਹੈ।ਇਸੇ ਤਰ੍ਹਾਂ ਉੱਘੇ ਸਮਾਜ ਸੇਵੀ ਅਤੇ ਉੱਦਮੀ ਬਲਬੀਰ ਸਿੰਘ ਕੰਡਾ ਅਤੇ ਨੀਲਮ ਕੰਡਾ ਪਰਿਵਾਰ ਵੱਲੋਂ ਸੁਲਤਾਨਵਿੰਡ ਨਹਿਰ ਨੇੜੇ ਆਪਣੇ ਨਿੱਜੀ ਖਰਚੇ 'ਤੇ ਇੱਕ ਵਿਸ਼ੇਸ਼ ਆਰਜ਼ੀ ਸਰੋਵਰ ਬਣਵਾਇਆ ਗਿਆ ਹੈ। ਇਸ ਉਪਰਾਲੇ ਸਬੰਧੀ ਬਲਬੀਰ ਸਿੰਘ ਕੰਡਾ ਅਤੇ ਨੀਲਮ ਕੰਡਾ ਨੇ ਕਿਹਾ ਕਿ ਸਿੱਖ ਗੁਰੂਆਂ ਨੇ ਹਮੇਸ਼ਾ ਹਰ ਧਰਮ ਦਾ ਸਤਿਕਾਰ ਕਰਨ ਅਤੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ ਅਤੇ ਇਸੇ ਸੋਚ ਤਹਿਤ ਉਨ੍ਹਾਂ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਇਹ ਉਪਰਾਲਾ ਕੀਤਾ ਹੈ। ਉੱਤਰ ਪ੍ਰਦੇਸ਼-ਬਿਹਾਰ ਕਲਿਆਣ ਪ੍ਰੀਸ਼ਦ ਦੇ ਜਨਰਲ ਸਕੱਤਰ ਰਾਮ ਭਵਨ ਗੋਸਵਾਮੀ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਪਾਲ ਅਤੇ ਮੀਤ ਪ੍ਰਧਾਨ ਸੰਤੋਸ਼ ਸਿੰਘ ਗਾਂਧੀ ਨੇ ਸਰੋਵਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਡਾ ਪਰਿਵਾਰ ਵੱਲੋਂ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ 150 ਫੁੱਟ ਲੰਬਾ, 25 ਫੁੱਟ ਚੌੜਾ ਅਤੇ 7 ਫੁੱਟ ਡੂੰਘਾ ਝੀਲ ਵਰਗਾ ਸਰੋਵਰ ਤਿਆਰ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਲਈ ਪਹਿਲਾਂ ਖਾਲੀ ਪਏ ਪਲਾਟ ਦੀ ਸਫ਼ਾਈ ਕਰਵਾਈ ਗਈ ਅਤੇ ਫਿਰ ਜੇ.ਸੀ.ਬੀ. ਦੀ ਮਦਦ ਨਾਲ ਸਰੋਵਰ ਦੀ ਖੁਦਾਈ ਕੀਤੀ ਗਈ। ਇਸ ਨੂੰ ਸਬਮਰਸੀਬਲ ਪੰਪ ਰਾਹੀਂ ਸਾਫ਼ ਪਾਣੀ ਨਾਲ ਭਰਿਆ ਗਿਆ ਹੈ। ਇਸ ਸਰੋਵਰ ਵਿੱਚ ਇੱਕੋ ਸਮੇਂ ਕਰੀਬ 2,000 ਸ਼ਰਧਾਲੂ ਛਠ ਪੂਜਾ ਕਰ ਸਕਦੇ ਹਨ। ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਇਸ ਨੇਕ ਉਪਰਾਲੇ ਲਈ ਕੰਡਾ ਪਰਿਵਾਰ, ਬਾਬਾ ਭੂਰੀਵਾਲੇ ਸੰਸਥਾ ਅਤੇ ਸਮੁੱਚੇ ਸਿੱਖ ਤੇ ਪੰਜਾਬੀ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅੰਮ੍ਰਿਤਸਰ ਵਿੱਚ ਕੀਤੇ ਗਏ ਇਨ੍ਹਾਂ ਪ੍ਰਬੰਧਾਂ ਨੇ ਧਾਰਮਿਕ ਸਾਂਝ, ਆਪਸੀ ਸਤਿਕਾਰ ਅਤੇ ਮਨੁੱਖਤਾ ਦੀ ਸੇਵਾ ਦੀ ਇੱਕ ਮਿਸਾਲ ਪੇਸ਼ ਕੀਤੀ ਹੈ।
Chhath Puja Amritsar Punjab News Sikh Community Community Harmony Balbir Singh Kanda Neelam Kanda Baba Kashmir Singh Bhuriwale Bihar Community Uttar Pradesh Community Chhath Puja Celebration Sultanwind Canal Water Tankers Temporary Water Pond Religious Ha