November 19, 2026
ਪਟਿਆਲਾ-ਸੰਗਰੂਰ-ਬਠਿੰਡਾ ਹਾਈਵੇਅ 'ਤੇ ਭਾਖੜਾ ਨਹਿਰ ਦਾ ਬੇਲੀ ਪੁਲ ਡਿੱਗਿਆ, 2 ਟਰੱਕ ਮਲਬੇ 'ਚ ਫਸੇ; ਇੱਕ ਨੂੰ ਲੱਗੀ ਅੱਗ
Prabhsimran Singh / Pasiana
ਪਸਿਆਣਾ ਨੇੜੇ ਤੜਕਸਾਰ ਵਾਪਰਿਆ ਹਾਦਸਾ, ਇੱਕ ਡਰਾਈਵਰ ਗੰਭੀਰ ਜ਼ਖ਼ਮੀ; 2016 ਵਿੱਚ ਬਣੇ ਪੁਲ ਦੇ ਕਰੀਬ 10 ਸਾਲਾਂ ਬਾਅਦ ਡਿੱਗਣ 'ਤੇ ਉੱਠੇ ਸਵਾਲ ਪਟਿਆਲਾ-ਸੰਗਰੂਰ-ਬਠਿੰਡਾ ਕੌਮੀ ਮਾਰਗ 'ਤੇ ਪਿੰਡ ਪਸਿਆਣਾ ਨੇੜੇ ਭਾਖੜਾ ਨਹਿਰ ਉੱਪਰ ਬਣਿਆ ਬੇਲੀ ਪੁਲ ਵੀਰਵਾਰ ਸਵੇਰੇ ਅਚਾਨਕ ਢਹਿ ਗਿਆ। ਇਸ ਦੌਰਾਨ ਰੇਤ ਨਾਲ ਭਰੇ ਦੋ ਟਰੱਕ ਪੁਲ ਦੇ ਨਾਲ ਹੀ ਹੇਠਾਂ ਡਿੱਗ ਕੇ ਮਲਬੇ ਵਿੱਚ ਫਸ ਗਏ। ਹਾਦਸੇ ਤੋਂ ਬਾਅਦ ਇੱਕ ਟਰੱਕ ਨੂੰ ਅੱਗ ਲੱਗ ਗਈ, ਜਿਸ ਕਾਰਨ ਉਹ ਸੜ ਕੇ ਨਸ਼ਟ ਹੋ ਗਿਆ। ਹਾਦਸੇ ਵਿੱਚ ਦੋਵੇਂ ਟਰੱਕਾਂ ਦੇ ਡਰਾਈਵਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਾਂਕਿ, ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।ਜਾਣਕਾਰੀ ਅਨੁਸਾਰ ਇਹ ਹਾਦਸਾ ਵੀਰਵਾਰ ਸਵੇਰੇ ਕਰੀਬ 6 ਵਜੇ ਵਾਪਰਿਆ, ਜਦੋਂ ਪੁਲ ਤੋਂ ਤਿੰਨ ਵਾਹਨ ਲੰਘ ਰਹੇ ਸਨ। ਇਸ ਦੌਰਾਨ ਇੱਕ ਵਾਹਨ ਪੁਲ ਦੇ ਟੁੱਟਣ ਤੋਂ ਪਹਿਲਾਂ ਹੀ ਆਪਣੀ ਗੱਡੀ ਕੱਢਣ ਵਿੱਚ ਸਫ਼ਲ ਹੋ ਗਿਆ, ਪਰ ਬਾਕੀ ਦੋ ਟਰੱਕ ਪੁਲ ਦੇ ਨਾਲ ਹੀ ਨਹਿਰ ਵਿੱਚ ਡਿੱਗ ਗਏ। ਦੋਵੇਂ ਟਰੱਕ ਰੇਤ ਨਾਲ ਭਰੇ ਹੋਏ ਸਨ ਅਤੇ ਪੁਲ ਦੇ ਟੁੱਟਣ ਕਾਰਨ ਇਸ ਦੇ ਢਾਂਚੇ ਵਿੱਚ ਫਸ ਕੇ ਨਹਿਰ ਉੱਪਰ ਲਟਕ ਗਏ।ਪੁਲ ਡਿੱਗਣ ਤੋਂ ਬਾਅਦ ਇੱਕ ਟਰੱਕ ਨੂੰ ਅੱਗ ਲੱਗ ਗਈ। ਮੁੱਢਲੀ ਜਾਣਕਾਰੀ ਅਨੁਸਾਰ ਟਰੱਕ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅੱਗ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ, ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਹਾਦਸੇ ਵਿੱਚ ਜ਼ਖ਼ਮੀ ਹੋਏ ਡਰਾਈਵਰ ਦੀ ਪਛਾਣ ਗੁਰਜੰਟ ਸਿੰਘ ਵਾਸੀ ਪਿੰਡ ਭਾਈ ਰੂਪਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਉਹ PB-03-BC-9456 ਨੰਬਰ ਵਾਲੇ ਟਰੱਕ ਦਾ ਡਰਾਈਵਰ ਹੈ। ਉਸ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜਿਆ ਗਿਆ ਹੈ।ਮੁੱਢਲੀ ਜਾਂਚ ਦੌਰਾਨ ਪੁਲ ਦੇ ਜ਼ਿਆਦਾ ਭਾਰ ਕਾਰਨ ਡਿੱਗਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਟਰੱਕਾਂ ਦਾ ਭਾਰ ਪੁਲ ਦੀ ਨਿਰਧਾਰਤ ਸਮਰੱਥਾ ਤੋਂ ਵੱਧ ਹੋ ਸਕਦਾ ਸੀ, ਪਰ ਪੁਲ ਡਿੱਗਣ ਦੇ ਅਸਲ ਕਾਰਨਾਂ ਦਾ ਪਤਾ ਤਕਨੀਕੀ ਮਾਹਿਰਾਂ ਦੀ ਜਾਂਚ ਤੋਂ ਬਾਅਦ ਹੀ ਲੱਗੇਗਾ। ਇਸ ਹਾਦਸੇ ਤੋਂ ਬਾਅਦ ਪ੍ਰਭਾਵਿਤ ਹਾਈਵੇਅ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਵਾਹਨਾਂ ਨੂੰ ਦੂਜੇ ਰਸਤੇ ਵੱਲ ਡਾਇਵਰਟ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਕੌਮੀ ਮਾਰਗ ਸਾਲ 2016 ਵਿੱਚ ਮੁਕੰਮਲ ਹੋਇਆ ਸੀ ਅਤੇ ਇਸ ਪੁਲ ਦਾ ਨਿਰਮਾਣ ਵੀ ਉਸੇ ਸਮੇਂ ਕੀਤਾ ਗਿਆ ਸੀ। ਕਰੀਬ 10 ਸਾਲਾਂ ਬਾਅਦ ਪੁਲ ਦੇ ਅਚਾਨਕ ਡਿੱਗਣ ਕਾਰਨ ਇਸ ਦੀ ਉਸਾਰੀ ਅਤੇ ਮਜ਼ਬੂਤੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।ਹਾਦਸੇ ਤੋਂ ਬਾਅਦ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਰਣਜੀਤ ਸਵਾਜਪੁਰ ਅਤੇ ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਅਵਤਾਰ ਸਿੰਘ ਕੌਰਜੀਵਾਲਾ ਦੀ ਅਗਵਾਈ ਵਿੱਚ ਇਲਾਕੇ ਦੇ ਕਿਸਾਨ ਵੀ ਘਟਨਾ ਸਥਾਨ 'ਤੇ ਪਹੁੰਚੇ। ਕਿਸਾਨਾਂ ਨੇ ਕਿਹਾ ਕਿ ਪੁਲ ਡਿੱਗਣ ਕਾਰਨ ਭਾਖੜਾ ਨਹਿਰ ਦੇ ਕੰਢਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਹਿਰ ਦੇ ਨੁਕਸਾਨੇ ਗਏ ਕੰਢਿਆਂ ਨੂੰ ਤੁਰੰਤ ਮਜ਼ਬੂਤ ਕੀਤਾ ਜਾਵੇ, ਤਾਂ ਜੋ ਨਹਿਰ ਦੇ ਟੁੱਟਣ ਦਾ ਕੋਈ ਖ਼ਤਰਾ ਪੈਦਾ ਨਾ ਹੋਵੇ। ਇਸ ਹਾਦਸੇ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਡਾ. ਹਿਮਾਂਸ਼ੂ ਅਗਰਵਾਲ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।
Patiala Bhakra Canal Bridge Collapse Bailey Bridge Sangrur Bathinda Punjab News Truck Accident Highway Accident Rescue Operation Fire Brigade Bhakra Canal Bridge Traffic Diversion Patiala News Road Safety