November 14, 2026
ਦਿੱਲੀ ਦੇ ਆਸਥਾ ਕੁੰਜ ਪਾਰਕ ਜਬਰ-ਜਨਾਹ ਮਾਮਲੇ ’ਚ ਵੱਡੀ ਕਾਰਵਾਈ, ਤਿੰਨ ਮੁਲਜ਼ਮਾਂ ਖ਼ਿਲਾਫ਼ 450 ਪੰਨਿਆਂ ਦੀ ਚਾਰਜਸ਼ੀਟ ਦਾਇਰ
Prabhsimran Singh / Delhi
ਦਿੱਲੀ ਦੇ ਆਸਥਾ ਕੁੰਜ ਪਾਰਕ ਵਿੱਚ 17 ਸਾਲਾ ਨਾਬਾਲਗ ਲੜਕੀ ਨਾਲ ਉਸ ਦੇ ਜਨਮਦਿਨ ਮੌਕੇ ਚਾਕੂ ਦੀ ਨੋਕ ’ਤੇ ਕਥਿਤ ਸਮੂਹਿਕ ਜਬਰ-ਜਨਾਹ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਵੱਡੀ ਕਾਰਵਾਈ ਕੀਤੀ ਹੈ। ਘਟਨਾ ਦੇ ਕਰੀਬ ਦੋ ਮਹੀਨਿਆਂ ਬਾਅਦ ਪੁਲੀਸ ਨੇ ਤਿੰਨ ਮੁਲਜ਼ਮਾਂ ਆਸਿਫ਼, ਹੇਮੰਤ ਅਤੇ ਮੁਕੇਸ਼ ਖ਼ਿਲਾਫ਼ ਸਾਕੇਤ ਅਦਾਲਤ ਵਿੱਚ 450 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਵਿੱਚ ਘਟਨਾ ਦੇ ਪੂਰੇ ਵੇਰਵੇ ਦੇ ਨਾਲ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਚਾਰਜਸ਼ੀਟ ਵਿੱਚ ਪੀੜਤਾ ਅਤੇ ਉਸ ਦੀ ਸਹੇਲੀ ਸਮੇਤ ਕੁੱਲ 55 ਗਵਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 22 ਸਤੰਬਰ ਨੂੰ ਵਾਪਰੀ ਇਸ ਘਟਨਾ ਸਮੇਂ ਪੀੜਤਾ ਦੀ ਸਹੇਲੀ ਵੀ ਉਸ ਦੇ ਨਾਲ ਮੌਜੂਦ ਸੀ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਤਹਿਤ ਸਮੂਹਿਕ ਜਬਰ-ਜਨਾਹ, ਅਪਰਾਧਿਕ ਸਾਜ਼ਿਸ਼, ਜਾਣਬੁੱਝ ਕੇ ਸੱਟ ਪਹੁੰਚਾਉਣ ਅਤੇ ਅਪਰਾਧਿਕ ਧਮਕੀ ਦੇਣ ਦੀਆਂ ਧਾਰਾਵਾਂ ਲਗਾਈਆਂ ਹਨ। ਇਸ ਤੋਂ ਇਲਾਵਾ ਪੋਕਸੋ (POCSO) ਐਕਟ ਦੀਆਂ ਧਾਰਾਵਾਂ 6 ਅਤੇ 17 ਵੀ ਲਗਾਈਆਂ ਗਈਆਂ ਹਨ।ਪੁਲੀਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਤਿੰਨਾਂ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਲੋਕੇਸ਼ਨ ਡੇਟਾ, ਇਲਾਕੇ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀ ਸੀਸੀਟੀਵੀ ਫੁਟੇਜ ਅਤੇ ਕਾਲ ਡਿਟੇਲ ਰਿਕਾਰਡ (CDR) ਨੂੰ ਅਹਿਮ ਸਬੂਤ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਵਾਹਾਂ ਦੇ ਬਿਆਨ ਅਤੇ ਪੀੜਤਾ ਦੀ ਸਹੇਲੀ ਵੱਲੋਂ ਦਿੱਤਾ ਗਿਆ ਬਿਆਨ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ।ਐੱਫਆਈਆਰ ਵਿੱਚ ਦਰਜ ਪੀੜਤਾ ਦੇ ਬਿਆਨਾਂ ਅਨੁਸਾਰ, ਉਹ ਆਪਣੇ ਜਨਮਦਿਨ ਮੌਕੇ ਆਪਣੀ ਸਹੇਲੀ ਨਾਲ ਕਾਲਕਾਜੀ ਮੰਦਰ ਮੱਥਾ ਟੇਕਣ ਗਈ ਸੀ। ਮੰਦਰ ਤੋਂ ਨਿਕਲਣ ਮਗਰੋਂ ਦੋਵੇਂ ਸ਼ਾਮ ਕਰੀਬ 7 ਵਜੇ ਆਸਥਾ ਕੁੰਜ ਪਾਰਕ ਪਹੁੰਚੀਆਂ। ਉੱਥੇ ਉਨ੍ਹਾਂ ਨੇ ਚਿਪਸ ਅਤੇ ਪਾਣੀ ਦੀ ਬੋਤਲ ਖਰੀਦੀ ਅਤੇ ਗੇਟ ਨੰਬਰ 7 ਰਾਹੀਂ ਪਾਰਕ ਅੰਦਰ ਦਾਖਲ ਹੋ ਕੇ ਇੱਕ ਬੈਂਚ ’ਤੇ ਬੈਠ ਗਈਆਂ। ਪੀੜਤਾ ਦੇ ਦੋਸ਼ਾਂ ਮੁਤਾਬਕ, ਇਸੇ ਦੌਰਾਨ ਤਿੰਨ ਵਿਅਕਤੀ ਪਿੱਛਿਓਂ ਉਨ੍ਹਾਂ ਕੋਲ ਆਏ। ਉਨ੍ਹਾਂ ਨੇ ਪੀੜਤਾ ਦੀ ਸਹੇਲੀ ਨੂੰ ਫੜ ਲਿਆ ਅਤੇ ਉਸ ਦੇ ਥੱਪੜ ਮਾਰੇ। ਇਸ ਤੋਂ ਬਾਅਦ ਦੋਵਾਂ ਦੇ ਮੋਬਾਈਲ ਫੋਨ ਖੋਹ ਲਏ ਗਏ ਅਤੇ ਪੀੜਤਾ ਨੂੰ ਨੇੜੇ ਦੀਆਂ ਝਾੜੀਆਂ ਵੱਲ ਜਾਣ ਲਈ ਕਿਹਾ ਗਿਆ। ਪੀੜਤਾ ਨੇ ਜਦੋਂ ਮੁਲਜ਼ਮਾਂ ਨਾਲ ਗੱਲ ਕਰਨ ਅਤੇ ਆਪਣੀ ਮਾਂ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ ਤਾਂ ਉਸ ਦੇ ਬਿਆਨ ਮੁਤਾਬਕ ਇੱਕ ਮੁਲਜ਼ਮ ਨੇ ਦੂਜੇ ਨੂੰ ਕਿਹਾ, ''ਆਸਿਫ਼ ਭਾਈ, ਬੰਦੂਕ ਕੱਢ।'' ਇਸ ਤੋਂ ਬਾਅਦ ਆਸਿਫ਼ ਨੇ ਕਥਿਤ ਤੌਰ ’ਤੇ ਕਾਲੇ ਰੰਗ ਦੀ ਬੰਦੂਕ ਕੱਢ ਕੇ ਉਸ ਨੂੰ ਦਿਖਾਈ।ਪੀੜਤਾ ਨੇ ਦੋਸ਼ ਲਾਇਆ ਕਿ ਤਿੰਨਾਂ ਮੁਲਜ਼ਮਾਂ ਨੇ ਚਾਕੂ ਕੱਢ ਲਏ ਅਤੇ ਉਸ ਨੂੰ ਪਾਰਕ ਦੇ ਇੱਕ ਹਨੇਰੇ ਤੇ ਸੁੰਨਸਾਨ ਹਿੱਸੇ ਵਿੱਚ ਲੈ ਗਏ। ਉੱਥੇ ਆਸਿਫ਼ ਨੇ ਕਥਿਤ ਤੌਰ ’ਤੇ ਹੇਮੰਤ ਨੂੰ ਉਸ ਦੀ ਸਹੇਲੀ ’ਤੇ ਨਜ਼ਰ ਰੱਖਣ ਲਈ ਕਿਹਾ ਅਤੇ ਖੁਦ ਪੀੜਤਾ ਦੀ ਗਰਦਨ ’ਤੇ ਚਾਕੂ ਰੱਖ ਕੇ ਉਸ ਨਾਲ ਜਬਰ-ਜਨਾਹ ਕੀਤਾ। ਐੱਫਆਈਆਰ ਮੁਤਾਬਕ, ਘਟਨਾ ਇੱਥੇ ਹੀ ਨਹੀਂ ਰੁਕੀ। ਆਸਿਫ਼ ਨੇ ਬਾਅਦ ਵਿੱਚ ਹੇਮੰਤ ਨੂੰ ਫੋਨ ਕਰਕੇ ਕਿਹਾ ਕਿ ਉਹ ਦੀਪੂ ਨੂੰ ਲੈ ਕੇ ਆ ਰਿਹਾ ਹੈ। ਇਸ ਤੋਂ ਬਾਅਦ ਹੇਮੰਤ ਪੀੜਤਾ ਨੂੰ ਨੇੜਲੀ ਇੱਕ ਹੋਰ ਥਾਂ ’ਤੇ ਲੈ ਗਿਆ, ਜਿੱਥੇ ਉਸ ਨਾਲ ਮੁੜ ਚਾਕੂ ਦੀ ਨੋਕ ’ਤੇ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਦੋਸ਼ ਹੈ। ਪੀੜਤਾ ਦੇ ਬਿਆਨ ਅਨੁਸਾਰ, ਬਾਕੀ ਦੋ ਮੁਲਜ਼ਮ ਤੀਜੇ ਮੁਲਜ਼ਮ ਨੂੰ 'ਦੀਪੂ' ਕਹਿ ਕੇ ਬੁਲਾ ਰਹੇ ਸਨ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਸਾਕੇਤ ਅਦਾਲਤ ਵੱਲੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਹੁਣ ਪੁਲੀਸ ਵੱਲੋਂ 450 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੇ ਜਾਣ ਨਾਲ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਦਾ ਰਾਹ ਖੁੱਲ੍ਹ ਗਿਆ ਹੈ।
Delhi Crime Astha Kunj Park Case Delhi Police Gang Rape Case Pocso Act Charge Sheet Saket Court Minor Girl Case Delhi News Crime News Sexual Assault Case Cctv Evidence