November 22, 2026
ਦਿਲਜੀਤ ਦੋਸਾਂਝ ਨੇ ਅਹਿਮਦਾਬਾਦ ’ਚ ਵਿਰੋਧੀਆਂ ਨੂੰ ਦਿੱਤਾ ਜਵਾਬ, ਕੋਲਡਪਲੇਅ ਦਾ ਹਵਾਲਾ ਦੇ ਕੇ ਦੋਹਰੇ ਮਾਪਦੰਡਾਂ ’ਤੇ ਚੁੱਕੇ ਸਵਾਲ
Prabhsimran Singh / Gujarat
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਹਿਮਦਾਬਾਦ ਵਿੱਚ ਆਪਣੇ ਸੰਗੀਤ ਸਮਾਗਮ ਦੌਰਾਨ ਉਨ੍ਹਾਂ ਦੇ ਸ਼ੋਅਜ਼ ਨੂੰ ਲੈ ਕੇ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਅਤੇ ਆਲੋਚਨਾਵਾਂ ’ਤੇ ਤਿੱਖਾ ਜਵਾਬ ਦਿੱਤਾ ਹੈ। ਨਰਿੰਦਰ ਮੋਦੀ ਸਟੇਡੀਅਮ ਵਿੱਚ ਪੇਸ਼ਕਾਰੀ ਕਰਦਿਆਂ ਦਿਲਜੀਤ ਨੇ ਕੌਮਾਂਤਰੀ ਸੰਗੀਤ ਬੈਂਡ ਕੋਲਡਪਲੇਅ ਦਾ ਹਵਾਲਾ ਦਿੱਤਾ ਅਤੇ ਸਵਾਲ ਉਠਾਇਆ ਕਿ ਵਿਦੇਸ਼ੀ ਕਲਾਕਾਰਾਂ ਦੇ ਗੀਤਾਂ ਵਿੱਚ ਸ਼ਰਾਬ ਤੇ ਨਸ਼ੇ ਦੀ ਹਾਲਤ ਦਾ ਜ਼ਿਕਰ ਹੋਣ ’ਤੇ ਕੋਈ ਇਤਰਾਜ਼ ਨਹੀਂ ਕਰਦਾ, ਪਰ ਉਨ੍ਹਾਂ ਦੇ ਸੰਗੀਤ ਸਮਾਗਮਾਂ ਨੂੰ ਲੈ ਕੇ ਵਾਰ-ਵਾਰ ਸ਼ਿਕਾਇਤਾਂ ਕਿਉਂ ਕੀਤੀਆਂ ਜਾਂਦੀਆਂ ਹਨ। ਸਟੇਡੀਅਮ ਵਿੱਚ ਹਜ਼ਾਰਾਂ ਪ੍ਰਸ਼ੰਸਕਾਂ ਸਾਹਮਣੇ ਪੇਸ਼ਕਾਰੀ ਕਰਦਿਆਂ ਦਿਲਜੀਤ ਨੇ ਕਿਹਾ ਕਿ ਜਦੋਂ ਕੋਲਡਪਲੇਅ ਦੇ ਗੀਤਾਂ ਵਿੱਚ ‘ਆਈ ਐਮ ਫੀਲਿੰਗ ਡਰੰਕ ਐਂਡ ਹਾਈ’ ਵਰਗੇ ਬੋਲ ਆਉਂਦੇ ਹਨ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੁੰਦੀ, ਪਰ ਜਦੋਂ ਉਹ ਖੁਦ ਅਜਿਹੇ ਗੀਤ ਗਾਉਂਦੇ ਹਨ ਤਾਂ ਇਤਰਾਜ਼ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਇਸ ਸਥਿਤੀ ਨੂੰ ਦੋਹਰੇ ਮਾਪਦੰਡ ਕਰਾਰ ਦਿੱਤਾ।ਆਪਣੇ ਸ਼ੋਅਜ਼ ਨੂੰ ਲੈ ਕੇ ਇਤਰਾਜ਼ ਕਰਨ ਵਾਲਿਆਂ ’ਤੇ ਟਿੱਪਣੀ ਕਰਦਿਆਂ ਦਿਲਜੀਤ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਨੂੰ ਬਾਹਰੋਂ ਆਇਆ ਹੋਇਆ ਕਹਿੰਦੇ ਹਨ, ਜਦਕਿ ਉਨ੍ਹਾਂ ਦਾ ਜਨਮ ਭਾਰਤ ਵਿੱਚ ਹੀ ਹੋਇਆ ਹੈ। ਉਨ੍ਹਾਂ ਕਿਹਾ, ‘ਮੈਂ ਕਿਹੜਾ ਹੋਨੁਲੁਲੂ ਵਿੱਚ ਪੈਦਾ ਹੋਇਆ ਹਾਂ।’ ਦਿਲਜੀਤ ਨੇ ਕਿਹਾ ਕਿ ਉਹ ਦੁਨੀਆ ਭਰ ਵਿੱਚ ਪੇਸ਼ਕਾਰੀਆਂ ਕਰਨ ਜਾਂਦੇ ਹਨ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਵੀ ਭਾਰਤੀ ਹਨ, ਜੋ ਉਨ੍ਹਾਂ ਦੇ ਨਾਲ ਹੀ ਵਿਦੇਸ਼ਾਂ ਵਿੱਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਦੇ ਮਾਮਲੇ ਵਿੱਚ ਹੀ ਵੱਖਰੇ ਮਾਪਦੰਡ ਕਿਉਂ ਅਪਣਾਏ ਜਾਂਦੇ ਹਨ ਅਤੇ ਉਨ੍ਹਾਂ ਦੇ ਸੰਗੀਤ ਸਮਾਗਮਾਂ ’ਤੇ ਪਾਬੰਦੀਆਂ ਜਾਂ ਇਤਰਾਜ਼ ਕਿਉਂ ਲਗਾਏ ਜਾਂਦੇ ਹਨ।ਦਿਲਜੀਤ ਨੇ ਆਪਣੇ ਸ਼ੋਅਜ਼ ਨੂੰ ਲੈ ਕੇ ਲਗਾਈਆਂ ਜਾਂਦੀਆਂ ਪਾਬੰਦੀਆਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਹੈ ਅਤੇ ਉਹ ਆਪਣੇ ਕੰਮ ਦਾ ਪੂਰਾ ਆਨੰਦ ਲੈ ਰਹੇ ਹਨ। ਉਨ੍ਹਾਂ ਵਿਰੋਧ ਕਰਨ ਵਾਲਿਆਂ ਲਈ ਵੀ ‘ਆਈ ਲਵ ਯੂ’ ਦਾ ਸੁਨੇਹਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਇੱਕ ਸ਼ਿਅਰ ਸੁਣਾਉਂਦਿਆਂ ਕਿਹਾ, ‘ਜੋ ਹੋਇਆ ਇਹ ਹੋਣਾ ਹੀ ਸੀ, ਜੋ ਹੋਇਆ ਇਹ ਹੋਣਾ ਹੀ ਸੀ ਤੇ ਹੋਣੀ ਰੋਕਿਆਂ ਰੁਕਦੀ ਨਹੀਂ, ਇਕ ਵਾਰ ਜਦੋਂ ਸ਼ੁਰੂ ਹੋ ਜਾਵੇ ਗੱਲ ਫੇਰ ਇਵੇਂ ਮੁੱਕਦੀ ਨਹੀਂ।’ ਉਨ੍ਹਾਂ ਕਿਹਾ ਕਿ ਜੇ ਕੋਈ ਉਨ੍ਹਾਂ ਨੂੰ ਛੇੜੇਗਾ ਤਾਂ ਉਹ ਜਵਾਬ ਵੀ ਦੇਣਗੇ। ਉਨ੍ਹਾਂ ਦੀ ਇਹ ਟਿੱਪਣੀ ਉਨ੍ਹਾਂ ਦੇ ਸੰਗੀਤ ਸਮਾਗਮਾਂ ਨੂੰ ਲੈ ਕੇ ਹੋ ਰਹੀ ਆਲੋਚਨਾ ਦਾ ਸਿੱਧਾ ਜਵਾਬ ਮੰਨੀ ਜਾ ਰਹੀ ਹੈ।ਦਿਲਜੀਤ ਦੋਸਾਂਝ ਨੇ ਅਹਿਮਦਾਬਾਦ ਦੇ ਇਸੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਏ ਕੋਲਡਪਲੇਅ ਦੇ ਸੰਗੀਤ ਸਮਾਗਮ ਨੂੰ ਵੀ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਸਟੇਡੀਅਮ ਵਿੱਚ ਕੋਲਡਪਲੇਅ ਦਾ ਸ਼ੋਅ ਦੇਖਿਆ ਸੀ ਤਾਂ ਉਨ੍ਹਾਂ ਦੇ ਮਨ ਵਿੱਚ ਵੀ ਇੱਥੇ ਆਪਣਾ ਸੰਗੀਤ ਸਮਾਗਮ ਕਰਨ ਦਾ ਸੁਪਨਾ ਜਾਗਿਆ ਸੀ। ਹੁਣ ਇਸੇ ਸਟੇਡੀਅਮ ਵਿੱਚ ਆਪਣੀ ਪੇਸ਼ਕਾਰੀ ਕਰਕੇ ਉਨ੍ਹਾਂ ਨੇ ਉਹ ਸੁਪਨਾ ਪੂਰਾ ਕਰ ਲਿਆ ਹੈ। ਇਸ ਮੌਕੇ ਦਿਲਜੀਤ ਨੇ ਚਿੱਟਾ ਕੁੜਤਾ ਅਤੇ ਚਾਦਰਾ ਪਹਿਨਿਆ ਹੋਇਆ ਸੀ। ਉਨ੍ਹਾਂ ਨੇ ਆਪਣੇ ਇਸ ਸੰਗੀਤ ਸਮਾਗਮ ਦੀ ਵੀਡੀਓ ਇੰਸਟਾਗਰਾਮ ’ਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਦੀਆਂ ਟਿੱਪਣੀਆਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਤੇਜ਼ ਹੋ ਗਈ ਹੈ ਅਤੇ ਪ੍ਰਸ਼ੰਸਕ ਇਸ ਨੂੰ ਉਨ੍ਹਾਂ ਦੇ ਸ਼ੋਅਜ਼ ਖ਼ਿਲਾਫ਼ ਹੋ ਰਹੇ ਵਿਰੋਧ ਦਾ ਜਵਾਬ ਮੰਨ ਰਹੇ ਹਨ। ਅਹਿਮਦਾਬਾਦ ਦਾ ਇਹ ਸੰਗੀਤ ਸਮਾਗਮ ਦਿਲਜੀਤ ਦੇ ਵੱਡੇ ਪੱਧਰ ’ਤੇ ਹੋ ਰਹੇ ਲਾਈਵ ਸ਼ੋਅਜ਼ ਦੇ ਸਫ਼ਰ ਵਿੱਚ ਇੱਕ ਹੋਰ ਅਹਿਮ ਪੜਾਅ ਬਣਿਆ।
Diljit Dosanjh Ahmedabad Concert Narendra Modi Stadium Coldplay Punjabi Singer Live Music Concert Controversy Double Standards Entertainment News India Music