July 11, 2026
Dharaledar Bureau / Sangrur
ਸੰਗਰੂਰ, 10 ਜੁਲਾਈ: ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ) 2026 ਤਹਿਤ ਜ਼ਿਲ੍ਹਾ ਸੰਗਰੂਰ ਦੇ ਅਧੀਨ ਆਉਂਦੇ 05 ਵਿਧਾਨ ਸਭਾ ਚੋਣ ਹਲਕਿਆਂ 099 ਲਹਿਰਾ, 100-ਦਿੜਬਾ, 101-ਸੁਨਾਮ, 107-ਧੂਰੀ ਅਤੇ 108-ਸੰਗਰੂਰ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਮਿਤੀ 11 ਅਤੇ 12 ਜੁਲਾਈ, 2026 ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਸੰਗਰੂਰ ਪੂਨਮਦੀਪ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 8:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਗਾਏ ਜਾਣਗੇ, ਜਿੱਥੇ ਸਮੂਹ ਬੂਥ ਲੈਵਲ ਅਫ਼ਸਰ (ਬੀਐਲਓ) ਆਪਣੇ ਸਬੰਧਤ ਪੋਲਿੰਗ ਬੂਥ ਤੇ ਨਿੱਜੀ ਤੌਰ ਤੇ ਹਾਜ਼ਰ ਰਹਿਣਗੇ। ਇਸ ਦੌਰਾਨ ਯੋਗ ਵੋਟਰ ਆਪਣੇ ਐਨਿਊਮਰੇਸ਼ਨ ਫਾਰਮ ਆਪਣੇ ਬੂਥ ਲੈਵਲ ਅਫਸਰ ਪਾਸ ਜਮ੍ਹਾ ਕਰਵਾ ਸਕਣਗੇ ਅਤੇ ਬੂਥ ਲੈਵਲ ਅਫਸਰ ਆਪਣੇ ਐੱਪ ਵਿੱਚ ਪਹਿਲਾਂ ਜਮ੍ਹਾ ਹੋਏ ਫਾਰਮਾਂ ਦੀ ਡਿਜੀਟਾਈਜੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਬੀ.ਐੱਲ.ਓਜ਼ ਵੱਲੋਂ 100 ਫੀਸਦੀ ਡਿਜੀਟਾਈਜ਼ੇਸ਼ਨ ਕੀਤੀ ਜਾ ਚੁੱਕੀ ਹੈ, ਉਹ ਰਿਕਾਰਡ ਵਿੱਚ ਮੌਜੂਦ ਤਰੁੱਟੀਆਂ ਨੂੰ ਦੂਰ ਕਰਨ 'ਤੇ ਧਿਆਨ ਦੇਣਗੇ। ਜਿਨ੍ਹਾਂ ਬੂਥਾਂ 'ਤੇ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਬਾਕੀ ਹੈ, ਉੱਥੇ ਇਕੱਤਰ ਕੀਤੇ ਗਏ ਫਾਰਮਾਂ ਨੂੰ ਤੁਰੰਤ ਡਿਜੀਟਾਈਜ਼ ਕਰਨ ਦੇ ਨਾਲ-ਨਾਲ ਬਾਕੀ ਰਹਿੰਦੇ ਫਾਰਮ ਵੀ ਇਕੱਤਰ ਕੀਤੇ ਜਾਣਗੇ। ਘੱਟ ਪ੍ਰਤੀਸ਼ਤਤਾ ਵਾਲੇ ਬੂਥਾਂ 'ਤੇ ਫਾਰਮਾਂ ਦੀ ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਇੱਕੋ ਸਮੇਂ ਚਲਾਇਆ ਜਾਵੇਗਾ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਵਿਸ਼ੇਸ਼ ਕੈਂਪਾ ਨੂੰ ਸਫਲ ਬਣਾਉਣ ਲਈ ਹੋਰ ਸਬੰਧਤ ਵਿਭਾਗਾਂ, ਸਕੂਲਾਂ ਦੇ ਸਟਾਫ਼, ਮਾਲ ਵਿਭਾਗ ਦੇ ਪਟਵਾਰੀਆਂ, ਆਂਗਣਵਾੜੀ ਵਰਕਰਾਂ, ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲਾਂ ਦੇ ਕਰਮਚਾਰੀਆਂ ਅਤੇ ਏ.ਐੱਲ.ਐੱਮ.ਟੀਜ਼./ਡੀ.ਐੱਲ.ਐੱਮ.ਟੀਜ਼./ਬੀ.ਐੱਲ.ਓ. ਸੁਪਰਵਾਈਜ਼ਰਾਂ ਦੀ ਵੀ ਡਿਊਟੀ ਲਗਾਈ ਗਈ ਹੈ, ਤਾਂ ਜੋ ਵੱਧ ਤੋਂ ਵੱਧ ਫਾਰਮ ਇਕੱਤਰ ਕਰਨ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਅਤੇ 12 ਜੁਲਾਈ ਨੂੰ ਆਪਣੇ ਨੇੜਲੇ ਪੋਲਿੰਗ ਸਟੇਸ਼ਨ 'ਤੇ ਪਹੁੰਚ ਕੇ ਐਨਿਊਮਰੇਸ਼ਨ ਫਾਰਮ ਜਮ੍ਹਾਂ ਕਰਵਾਉਣ ਅਤੇ ਵੋਟਰ ਸੂਚੀ ਦੀ ਇਸ ਮਹੱਤਵਪੂਰਨ ਪ੍ਰਕਿਰਿਆ ਨੂੰ ਸਫਲ ਬਣਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਬੂਥ ਲੈਵਲ ਏਜੰਟਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਯੋਗ ਵੋਟਰਾਂ ਨੂੰ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ।
Voter Form Submission Dsangrur News Election Voter Enrolling