November 22, 2026
ਪੀ.ਐੱਮ. ਮੋਦੀ ਦਾ ਵੱਡਾ ਬਿਆਨ, ਕਿਹਾ- ਆਈ.ਟੀ.ਆਈ. ਪਾਸ ਵਿਦਿਆਰਥੀ ਕਿਸੇ ਪੱਖੋਂ ਵੀ ਆਈ.ਆਈ.ਟੀ. ਡਿਗਰੀਧਾਰਕਾਂ ਤੋਂ ਘੱਟ ਨ
Prabhsimran Singh / Lucknow
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਨਰਮੰਦ ਕਿਰਤੀਆਂ ਦੇ ਸਨਮਾਨ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਤੋਂ ਸਿਖਲਾਈ ਅਤੇ ਹੁਨਰ ਸਰਟੀਫਿਕੇਟ ਹਾਸਲ ਕਰਨ ਵਾਲੇ ਵਿਦਿਆਰਥੀ ਕਿਸੇ ਵੀ ਪੱਖੋਂ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਤੋਂ ਡਿਗਰੀ ਹਾਸਲ ਕਰਨ ਵਾਲਿਆਂ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਡਿਗਰੀ ਨਾਲੋਂ ਹੁਨਰ ਦੀ ਮਹੱਤਤਾ ਹੋਰ ਵਧੇਗੀ ਅਤੇ ਹੁਨਰਮੰਦ ਨੌਜਵਾਨਾਂ ਲਈ ਰੁਜ਼ਗਾਰ ਦੇ ਬੇਅੰਤ ਮੌਕੇ ਪੈਦਾ ਹੋਣਗੇ। ਪ੍ਰਧਾਨ ਮੰਤਰੀ ਨੇ ਇਹ ਗੱਲ ਕੱਲ੍ਹ ਲਖਨਊ ਵਿੱਚ ਕਰਵਾਏ ਗਏ 'ਕੌਸ਼ਲ ਦੀਕਸ਼ਾਂਤ ਸਮਾਰੋਹ' ਦੌਰਾਨ ਕਹੀ। ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਆਈ.ਟੀ.ਆਈ. ਵਿੱਚ ਸਿਖਲਾਈ ਲੈਣ ਦੀ ਗੱਲ ਲੁਕਾਉਣ ਦੀ ਬਜਾਏ ਮਾਣ ਨਾਲ ਦੱਸਣ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਹੁਨਰਮੰਦ ਕਿਰਤੀਆਂ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਕਰਨ ਅਤੇ ਹੁਨਰ ਸਰਟੀਫਿਕੇਟ ਨੂੰ ਡਿਗਰੀ ਸਿੱਖਿਆ ਦੇ ਬਰਾਬਰ ਮਹੱਤਤਾ ਦੇਣ ਦੀ ਲੋੜ ਹੈ।ਮੋਦੀ ਨੇ ਕਿਹਾ ਕਿ ਸਮਾਂ ਬਦਲ ਰਿਹਾ ਹੈ ਅਤੇ ਭਵਿੱਖ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ ਲਗਾਤਾਰ ਵਧੇਗੀ। ਉਨ੍ਹਾਂ ਦੱਸਿਆ ਕਿ ਪ੍ਰਮੁੱਖ ਖਾੜੀ ਦੇਸ਼ਾਂ ਨੇ ਵੀ ਭਾਰਤ ਦੇ ਹੁਨਰਮੰਦ ਲੋਕਾਂ ਦੀ ਸਮਰੱਥਾ ਅਤੇ ਮਿਹਨਤ ਨੂੰ ਮਾਨਤਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਦੇ ਸ਼ਾਹੀ ਪਰਿਵਾਰ ਵੀ ਉੱਥੋਂ ਦੇ ਸ਼ਾਨਦਾਰ ਸ਼ਹਿਰਾਂ ਦੀ ਉਸਾਰੀ ਅਤੇ ਵਿਕਾਸ ਵਿੱਚ ਭਾਰਤੀ ਕਿਰਤੀਆਂ ਦੇ ਹੁਨਰ ਦੀ ਅਹਿਮ ਭੂਮਿਕਾ ਨੂੰ ਸਵੀਕਾਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤਿਆਂ ਵਿੱਚ ਵੀ ਭਾਰਤੀ ਹੁਨਰਮੰਦ ਲੋਕਾਂ ਦੀ ਮੰਗ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਸਮਝੌਤਿਆਂ ਰਾਹੀਂ ਡਿਗਰੀਧਾਰਕਾਂ ਦੇ ਨਾਲ-ਨਾਲ ਖ਼ਾਸ ਤੌਰ ’ਤੇ ਆਈ.ਟੀ.ਆਈ. ਤੋਂ ਸਿਖਲਾਈ ਪ੍ਰਾਪਤ ਨੌਜਵਾਨਾਂ ਲਈ ਵੀ ਮੌਕੇ ਖੁੱਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਸੂਟ-ਬੂਟ ਪਹਿਨਣ ਵਾਲੇ ਡਿਗਰੀਧਾਰਕਾਂ ਦੇ ਮੁਕਾਬਲੇ ਹੁਨਰਮੰਦ ਆਈ.ਟੀ.ਆਈ. ਵਿਦਿਆਰਥੀਆਂ ਦਾ ਭਵਿੱਖ ਵੀ ਬਹੁਤ ਉੱਜਵਲ ਹੈ।ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਵੱਡੀਆਂ ਕੰਪਨੀਆਂ ਦੇ ਸਿਖਰਲੇ ਅਹੁਦਿਆਂ ’ਤੇ ਭਾਵੇਂ ਦੋ-ਤਿੰਨ ਡਿਗਰੀਧਾਰਕ ਬੈਠੇ ਹੁੰਦੇ ਹਨ, ਪਰ ਉਨ੍ਹਾਂ ਕੰਪਨੀਆਂ ਨੂੰ ਚਲਾਉਣ ਲਈ ਸੈਂਕੜੇ ਆਈ.ਟੀ.ਆਈ. ਪ੍ਰਮਾਣਿਤ ਅਤੇ ਹੁਨਰਮੰਦ ਕਾਮਿਆਂ ਦੀ ਲੋੜ ਪੈਂਦੀ ਹੈ। ਮੋਦੀ ਨੇ ਕਿਹਾ ਕਿ ਉਹ ਆਪਣੇ 'ਆਈ.ਟੀ.ਆਈ. ਬੱਚਿਆਂ' ਨੂੰ ਸਰਟੀਫਿਕੇਟ ਸੌਂਪਣ ਲਈ ਹੀ ਖ਼ਾਸ ਤੌਰ ’ਤੇ ਬੰਗਾਲ ਤੋਂ ਲਖਨਊ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਉਨ੍ਹਾਂ ਮਾਪਿਆਂ ਦੀ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ, ਜੋ ਆਪਣੇ ਬੱਚਿਆਂ ਦੇ ਆਈ.ਟੀ.ਆਈ. ਵਿੱਚ ਦਾਖ਼ਲਾ ਲੈਣ ਜਾਂ ਸਿਖਲਾਈ ਪ੍ਰਾਪਤ ਕਰਨ ਦੀ ਗੱਲ ਦੂਜਿਆਂ ਤੋਂ ਲੁਕਾਉਂਦੇ ਹਨ। ਉਨ੍ਹਾਂ ਕਿਹਾ ਕਿ ਕਿੱਤਾਮੁਖੀ ਸਿੱਖਿਆ ਅਤੇ ਤਕਨੀਕੀ ਹੁਨਰ ਨੂੰ ਵੀ ਉੱਚ ਸਿੱਖਿਆ ਜਿੰਨਾ ਹੀ ਸਨਮਾਨ ਮਿਲਣਾ ਚਾਹੀਦਾ ਹੈ।ਮੋਦੀ ਨੇ ਇਸ ਮੌਕੇ ਆਪਣੀ ਸੋਨੇ ਦੀ ਖ਼ਰੀਦ ਨਾਲ ਸਬੰਧਤ ਅਪੀਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਦੀ ਇਸ ਅਪੀਲ ’ਤੇ ਅਮਲ ਕੀਤਾ ਸੀ ਕਿ ਬੇਹੱਦ ਜ਼ਰੂਰੀ ਨਾ ਹੋਣ ਦੀ ਸੂਰਤ ਵਿੱਚ ਇੱਕ ਸਾਲ ਤੱਕ ਸੋਨਾ ਨਾ ਖ਼ਰੀਦਿਆ ਜਾਵੇ, ਉਸੇ ਤਰ੍ਹਾਂ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਹੁਨਰ ਨੂੰ ਮਹੱਤਤਾ ਦੇਣ ਅਤੇ ਹੁਨਰਮੰਦ ਕਿਰਤੀਆਂ ਦਾ ਸਨਮਾਨ ਕਰਨ ਦੀ ਉਨ੍ਹਾਂ ਦੀ ਅਪੀਲ ਨੂੰ ਵੀ ਅਪਣਾਉਣਗੇ।
Narendra Modi Pm Modi Iti Students Iit Students Skill Development Skill India Vocational Education Skill Certification Skilled Workers Employment Opportunities Free Trade Agreements Lucknow Kaushal Dikshant Samaroh Indian Education System