November 24, 2026
ਕੈਨੇਡਾ ’ਚ ਰੁਜ਼ਗਾਰ ਏਜੰਸੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਬਰੈਂਪਟਨ ਦੇ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ
Prabhsimran Singh / Canada
ਕੈਨੇਡਾ ਦੇ ਪੀਲ ਖੇਤਰ ਵਿੱਚ ਰੁਜ਼ਗਾਰ ਏਜੰਸੀਆਂ ਨੂੰ ਨਿਸ਼ਾਨਾ ਬਣਾ ਕੇ ਹਥਿਆਰਬੰਦ ਲੁੱਟਾਂ ਕਰਨ ਵਾਲੇ ਇੱਕ ਗਿਰੋਹ ਦਾ ਪੁਲੀਸ ਨੇ ਪਰਦਾਫਾਸ਼ ਕੀਤਾ ਹੈ। ਪੀਲ ਰੀਜਨਲ ਪੁਲੀਸ ਦੇ ਸੈਂਟਰਲ ਰੌਬਰੀ ਬਿਊਰੋ ਵੱਲੋਂ ਵਿਸ਼ੇਸ਼ ਮੁਹਿੰਮ 'ਪ੍ਰੋਜੈਕਟ ਸੇਗਾ' ਤਹਿਤ ਕੀਤੀ ਗਈ ਕਾਰਵਾਈ ਦੌਰਾਨ ਬਰੈਂਪਟਨ ਦੇ ਰਹਿਣ ਵਾਲੇ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਦੋਵੇਂ ਮੁਲਜ਼ਮ ਮਿਸੀਸਾਗਾ ਅਤੇ ਬਰੈਂਪਟਨ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਈਆਂ ਹਥਿਆਰਬੰਦ ਡਕੈਤੀਆਂ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 31 ਸਾਲਾ ਸਤਨਾਮ ਢਿੱਲੋਂ ਅਤੇ 21 ਸਾਲਾ ਰਾਜਦੀਪ ਸਿੰਘ ਵਜੋਂ ਹੋਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਪਰੈਲ ਤੋਂ ਅਗਸਤ ਦੇ ਦਰਮਿਆਨ ਦੋਵਾਂ ਨੇ ਕਈ ਰੁਜ਼ਗਾਰ ਏਜੰਸੀਆਂ ਨੂੰ ਨਿਸ਼ਾਨਾ ਬਣਾਇਆ। ਮੁਲਜ਼ਮ ਏਜੰਸੀਆਂ ਦੇ ਦਫ਼ਤਰਾਂ ਵਿੱਚ ਦਾਖ਼ਲ ਹੋ ਕੇ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬੰਦੂਕਾਂ ਅਤੇ ਚਾਕੂਆਂ ਦੇ ਜ਼ੋਰ ’ਤੇ ਡਰਾਉਂਦੇ-ਧਮਕਾਉਂਦੇ ਸਨ। ਆਪਣੀ ਪਛਾਣ ਲੁਕਾਉਣ ਲਈ ਉਹ ਚਿਹਰਿਆਂ ’ਤੇ ਨਕਾਬ ਪਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।ਇਨ੍ਹਾਂ ਲੁੱਟਾਂ ਦੌਰਾਨ ਮੁਲਜ਼ਮਾਂ ਵੱਲੋਂ ਨਕਦੀ, ਗਿਫ਼ਟ ਕਾਰਡ, ਇਲੈਕਟ੍ਰਾਨਿਕ ਉਪਕਰਨਾਂ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਗਿਆ। ਪੁਲੀਸ ਅਨੁਸਾਰ ਇਨ੍ਹਾਂ ਸਾਰੀਆਂ ਵਾਰਦਾਤਾਂ ਵਿੱਚ 53,000 ਕੈਨੇਡੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। 'ਪ੍ਰੋਜੈਕਟ ਸੇਗਾ' ਤਹਿਤ ਕੀਤੀ ਗਈ ਕਾਰਵਾਈ ਦੌਰਾਨ ਪੁਲੀਸ ਨੇ ਲਗਭਗ 30,000 ਡਾਲਰ ਦੀ ਕੀਮਤ ਵਾਲੀ ਇੱਕ ਚੋਰੀ ਦੀ ਗੱਡੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਦੋ ਨਕਲੀ ਬੰਦੂਕਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਈ ਗੰਭੀਰ ਦੋਸ਼ ਦਰਜ ਕੀਤੇ ਹਨ। ਸਤਨਾਮ ਢਿੱਲੋਂ ’ਤੇ ਲੁੱਟ-ਖੋਹ ਦੇ ਚਾਰ ਮਾਮਲੇ, ਭੇਸ ਬਦਲ ਕੇ ਅਪਰਾਧ ਕਰਨ ਦੇ ਤਿੰਨ ਮਾਮਲੇ ਅਤੇ ਰਿਹਾਈ ਦੇ ਹੁਕਮਾਂ ਦੀ ਉਲੰਘਣਾ ਕਰਨ ਸਮੇਤ ਹੋਰ ਦੋਸ਼ ਲਗਾਏ ਗਏ ਹਨ। ਦੂਜੇ ਪਾਸੇ ਰਾਜਦੀਪ ਸਿੰਘ ’ਤੇ ਲੁੱਟ-ਖੋਹ ਦੇ ਚਾਰ ਅਤੇ ਭੇਸ ਬਦਲ ਕੇ ਵਾਰਦਾਤਾਂ ਕਰਨ ਦੇ ਚਾਰ ਦੋਸ਼ ਲਗਾਏ ਗਏ ਹਨ। ਦੋਵੇਂ ਮੁਲਜ਼ਮ ਇਸ ਸਮੇਂ ਪੁਲੀਸ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਦੀ ਜ਼ਮਾਨਤ ਸਬੰਧੀ ਸੁਣਵਾਈ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਹੋਵੇਗੀ।ਇਸ ਕਾਰਵਾਈ ਬਾਰੇ ਪੀਲ ਰੀਜਨਲ ਪੁਲੀਸ ਦੇ ਡਿਪਟੀ ਚੀਫ਼ ਨਿਕ ਮਿਲਿਨੋਵਿਚ ਨੇ ਕਿਹਾ ਕਿ ਹਰ ਵਿਅਕਤੀ ਨੂੰ ਬਿਨਾਂ ਕਿਸੇ ਡਰ ਜਾਂ ਹਿੰਸਾ ਦੇ ਆਪਣੇ ਕੰਮ ਵਾਲੀ ਥਾਂ ’ਤੇ ਕੰਮ ਕਰਨ ਦਾ ਅਧਿਕਾਰ ਹੈ। ਉਨ੍ਹਾਂ ਦੱਸਿਆ ਕਿ 'ਪ੍ਰੋਜੈਕਟ ਸੇਗਾ' ਤਹਿਤ ਕੀਤੇ ਗਏ ਯਤਨਾਂ ਦੇ ਨਤੀਜੇ ਵਜੋਂ ਇਲਾਕੇ ਵਿੱਚ ਵਪਾਰਕ ਅਦਾਰਿਆਂ ’ਤੇ ਲੁੱਟਾਂ ਦੀਆਂ ਘਟਨਾਵਾਂ ਵਿੱਚ 2025 ਦੇ ਮੁਕਾਬਲੇ ਲਗਭਗ 52 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਪੁਲੀਸ ਅਨੁਸਾਰ ਇਸ ਸਫ਼ਲ ਕਾਰਵਾਈ ਵਿੱਚ ਪੀਲ ਰੀਜਨਲ ਪੁਲੀਸ ਦੇ ਨਾਲ ਹਾਲਟਨ ਪੁਲੀਸ, ਬਰੈਂਪਟਨ ਅਤੇ ਮਿਸੀਸਾਗਾ ਦੇ ਸ਼ਹਿਰੀ ਪ੍ਰਸ਼ਾਸਨ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਵੀ ਸਹਿਯੋਗ ਦਿੱਤਾ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਸੈਂਟਰਲ ਰੌਬਰੀ ਬਿਊਰੋ ਨਾਲ ਸੰਪਰਕ ਕਰਨ।
Canada Peel Region Brampton Mississauga Punjabi Youth Satnam Dhillon Rajdeep Singh Project Sega Peel Regional Police Armed Robbery Employment Agencies Ontario Crime Police Investigation