November 4, 2026
ਅਗਨੀਵੀਰਾਂ ਲਈ ਵੱਡੀ ਖ਼ਬਰ! 4 ਸਾਲ ਦੀ ਬਜਾਏ ਹੁਣ 6 ਸਾਲ ਕਰਨਗੇ ਸੇਵਾ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
Prabhsimran Singh / India
ਭਾਰਤੀ ਹਥਿਆਰਬੰਦ ਫੌਜਾਂ ਵਿੱਚ ਜਵਾਨਾਂ ਦੀ ਭਰਤੀ ਲਈ ਲਾਗੂ ਅਗਨੀਪਥ ਸਕੀਮ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਐੱਨ.ਐੱਸ. ਰਾਜਾ ਸੁਬਰਾਮਣੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਸ ਸਾਲ ਦਸੰਬਰ ਵਿੱਚ ਆਪਣਾ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਅਗਨੀਵੀਰਾਂ ਦੀ ਸੇਵਾ ਵਿੱਚ ਦੋ ਸਾਲ ਦਾ ਵਾਧਾ ਕੀਤਾ ਜਾਵੇਗਾ। ਇਸ ਫੈਸਲੇ ਨਾਲ ਹੁਣ ਸਬੰਧਤ ਅਗਨੀਵੀਰਾਂ ਨੂੰ ਕੁੱਲ ਛੇ ਸਾਲ ਸੇਵਾ ਕਰਨ ਦਾ ਮੌਕਾ ਮਿਲੇਗਾ। ਸੀਡੀਐੱਸ ਨੇ ਇਹ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਲਏ ਗਏ ਫੈਸਲੇ ਬਾਰੇ ਦਿੰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਨੀਤੀ ਤਹਿਤ ਚਾਰ ਸਾਲ ਪਹਿਲਾਂ ਭਰਤੀ ਕੀਤੇ ਗਏ ਅਗਨੀਵੀਰਾਂ ਵਿੱਚੋਂ 25 ਫੀਸਦੀ ਨੂੰ ਹਥਿਆਰਬੰਦ ਫੌਜਾਂ ਵਿੱਚ ਰੈਗੂਲਰ ਤੌਰ ’ਤੇ ਸ਼ਾਮਲ ਕੀਤਾ ਜਾਣਾ ਸੀ, ਜਦਕਿ ਬਾਕੀ 75 ਫੀਸਦੀ ਜਵਾਨਾਂ ਨੇ ਚਾਰ ਸਾਲ ਦੀ ਸੇਵਾ ਪੂਰੀ ਹੋਣ ਮਗਰੋਂ ਬਾਹਰ ਹੋਣਾ ਸੀ। ਜਨਰਲ ਸੁਬਰਾਮਣੀ ਨੇ ਸਪੱਸ਼ਟ ਕੀਤਾ ਕਿ ਹੁਣ ਐਲਾਨਿਆ ਗਿਆ ਦੋ ਸਾਲ ਦਾ ਸੇਵਾ ਵਾਧਾ ਉਨ੍ਹਾਂ 75 ਫੀਸਦੀ ਅਗਨੀਵੀਰਾਂ ਲਈ ਹੋਵੇਗਾ, ਜਿਨ੍ਹਾਂ ਨੇ ਇਸ ਸਾਲ ਦਸੰਬਰ ਵਿੱਚ ਆਪਣਾ ਕਾਰਜਕਾਲ ਪੂਰਾ ਕਰਨਾ ਸੀ। ਇਨ੍ਹਾਂ ਜਵਾਨਾਂ ਨੂੰ ਦੂਜੀ ਸੇਵਾ ਅਵਧੀ ਵਜੋਂ ਹੋਰ ਦੋ ਸਾਲ ਫੌਜ ਵਿੱਚ ਰਹਿਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਸਾਲ ਦੀ ਵਾਧੂ ਸੇਵਾ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਜਵਾਨਾਂ ਨੂੰ ਰੈਗੂਲਰ ਫੌਜੀ ਬਣਨ ਦਾ ਵਿਕਲਪ ਵੀ ਦਿੱਤਾ ਜਾਵੇਗਾ। ਹਾਲਾਂਕਿ, ਇਸ ਲਈ ਜਵਾਨ ਦੀ ਆਪਣੀ ਇੱਛਾ ਅਤੇ ਸਰੀਰਕ ਯੋਗਤਾ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ’ਤੇ ਹੀ ਉਨ੍ਹਾਂ ਨੂੰ ਫੌਜ ਵਿੱਚ ਪੱਕੇ ਤੌਰ ’ਤੇ ਸ਼ਾਮਲ ਕਰਨ ਬਾਰੇ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮੌਜੂਦਾ ਅਗਨੀਪਥ ਸਕੀਮ ਤਹਿਤ ਅਗਨੀਵੀਰਾਂ ਨੂੰ ਚਾਰ ਸਾਲ ਦੇ ਠੇਕੇ ’ਤੇ ਭਰਤੀ ਕੀਤਾ ਜਾਂਦਾ ਹੈ। ਇਸ ਸਾਲ 31 ਦਸੰਬਰ ਤੱਕ 18,300 ਤੋਂ ਵੱਧ ਅਗਨੀਵੀਰਾਂ ਦੇ ਆਪਣੇ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਮਗਰੋਂ ਸੇਵਾ ਤੋਂ ਬਾਹਰ ਹੋਣ ਦੀ ਸੰਭਾਵਨਾ ਸੀ। ਹੁਣ ਸਰਕਾਰ ਦੇ ਇਸ ਫੈਸਲੇ ਨਾਲ ਇਨ੍ਹਾਂ ਵਿੱਚੋਂ ਬਾਕੀ 75 ਫੀਸਦੀ ਜਵਾਨਾਂ ਨੂੰ ਦੋ ਸਾਲ ਹੋਰ ਸੇਵਾ ਕਰਨ ਦਾ ਮੌਕਾ ਮਿਲੇਗਾ। ਸੀਡੀਐੱਸ ਜਨਰਲ ਸੁਬਰਾਮਣੀ ਨੇ ਕਿਹਾ ਕਿ ਕੈਬਨਿਟ ਵੱਲੋਂ ਅਜਿਹਾ ਰਸਤਾ ਤਿਆਰ ਕੀਤਾ ਗਿਆ ਹੈ, ਜਿਸ ਨਾਲ ਅਗਨੀਵੀਰਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਪੱਕੇ ਤੌਰ ’ਤੇ ਸ਼ਾਮਲ ਹੋਣ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਅਗਨੀਵੀਰਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ।
Agnipath Scheme Agniveer Indian Army Indian Armed Forces Cds General Ns Raja Subramani Narendra Modi Central Government Defence Ministry Agniveer Recruitment Indian Defence News Military Service Defence Update