November 2, 2026
ਦੋ ਮਾਜਰਿਆਂ ਨੇ ‘ਆਪ’ ਨੂੰ ਕਿਹਾ ਅਲਵਿਦਾ
Prabhsimran Singh / Punjab
ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡੀ ਹਲਚਲ ਮਚ ਗਈ ਜਦੋਂ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਦੋਵਾਂ ਵਿਧਾਇਕਾਂ ਦੇ ਇਸ ਫ਼ੈਸਲੇ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਖ਼ਾਸ ਕਰਕੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼ ਹੋ ਰਹੀਆਂ ਹਨ। ਹਾਲਾਂਕਿ, ਉਨ੍ਹਾਂ ਦੇ ਅਗਲੇ ਸਿਆਸੀ ਕਦਮ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ। ਇਨ੍ਹਾਂ ਦੋਵਾਂ ਵਿਧਾਇਕਾਂ ਦੇ ਪਾਰਟੀ ਛੱਡਣ ਨਾਲ ਆਮ ਆਦਮੀ ਪਾਰਟੀ ਨੂੰ ਸਿਆਸੀ ਝਟਕਾ ਲੱਗਿਆ ਹੈ। ਕਦੇ ਪਾਰਟੀ ਦੇ ਮਜ਼ਬੂਤ ਅਤੇ ਚਰਚਿਤ ਚਿਹਰਿਆਂ ਵਿੱਚ ਸ਼ੁਮਾਰ ਰਹੇ ਇਹ ਆਗੂ ਹੁਣ ਪਾਰਟੀ ਤੋਂ ਵੱਖ ਹੋ ਗਏ ਹਨ। ਪੰਜਾਬ ਦੀ ਸਿਆਸਤ ਵਿੱਚ ਮਾਜਰਾ ਨਾਮ ਨਾਲ ਜੁੜੇ ਇਨ੍ਹਾਂ ਆਗੂਆਂ ਦੀ ਚਰਚਾ ਪਹਿਲਾਂ ਵੀ ਕਾਫ਼ੀ ਰਹੀ ਹੈ। ਇਨ੍ਹਾਂ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਰਹੇ ਹਨ, ਜੋ ਸੰਸਦ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਪੰਜਾਬ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਚੁੱਕਣ ਲਈ ਜਾਣੇ ਜਾਂਦੇ ਸਨ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚੇਤਨ ਸਿੰਘ ਜੌੜਾਮਾਜਰਾ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਸਨ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਹੱਕ ਵਿੱਚ ਸਟੇਜਾਂ ਤੋਂ ਨਾਅਰੇ ਲੱਗਦੇ ਸਨ ਕਿ 'ਆਪਣਾ ਨੇਤਾ ਕੈਸਾ ਹੋ, ਜੌੜਾਮਾਜਰਾ ਜੈਸਾ ਹੋ।' ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਵੀ ਅਹਿਮ ਜ਼ਿੰਮੇਵਾਰੀ ਮਿਲੀ ਸੀ। ਸਿਹਤ ਮੰਤਰੀ ਹੁੰਦਿਆਂ ਜੌੜਾਮਾਜਰਾ ਉਸ ਸਮੇਂ ਕਾਫ਼ੀ ਚਰਚਾ ਵਿੱਚ ਆ ਗਏ ਸਨ, ਜਦੋਂ ਫ਼ਰੀਦਕੋਟ ਦੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਦੌਰੇ ਦੌਰਾਨ ਉਨ੍ਹਾਂ ਨੇ ਤਤਕਾਲੀ ਉਪ ਕੁਲਪਤੀ ਡਾ. ਰਾਜ ਬਹਾਦਰ ਨੂੰ ਹਸਪਤਾਲ ਵਿੱਚ ਬੈੱਡ ਦੀ ਹਾਲਤ ਦਿਖਾਉਣ ਲਈ ਗੱਦਿਆਂ 'ਤੇ ਲਿਟਾ ਦਿੱਤਾ ਸੀ। ਇਸ ਘਟਨਾ ਨੇ ਉਸ ਸਮੇਂ ਸੂਬੇ ਦੀ ਸਿਆਸਤ ਵਿੱਚ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸਮਾਣਾ ਦੇ ਇੱਕ ਸਕੂਲ ਵਿੱਚ ਅਧਿਆਪਕਾਂ ਨਾਲ ਉਨ੍ਹਾਂ ਦੇ ਵਿਵਹਾਰ ਨੂੰ ਲੈ ਕੇ ਵੀ ਚਰਚਾ ਹੋਈ ਸੀ। ਹੁਣ ਪਾਰਟੀ ਛੱਡਣ ਤੋਂ ਬਾਅਦ ਜੌੜਾਮਾਜਰਾ ਅਤੇ ਪਠਾਣਮਾਜਰਾ ਦੇ ਅਗਲੇ ਸਿਆਸੀ ਪੜਾਅ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਸਿਆਸੀ ਚਰਚਾਵਾਂ ਮੁਤਾਬਕ ਭਾਜਪਾ ਵੱਲੋਂ ਦੋਵਾਂ ਵਿਧਾਇਕਾਂ ਨੂੰ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। ਦੂਜੇ ਪਾਸੇ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੋਵਾਂ ਆਗੂਆਂ ਦੇ ਪਾਰਟੀ ਛੱਡਣ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਜਿੱਧਰੋਂ ਵੀ ਕੋਈ ਰਹਿੰਦ-ਖੂੰਹਦ ਮਿਲਦੀ ਹੈ, ਉਸ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲੈਂਦੀ ਹੈ। ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਹੋਰ ਤੇਜ਼ ਹੋ ਗਈ ਹੈ। ਇਸ ਦੌਰਾਨ ਚੇਤਨ ਸਿੰਘ ਜੌੜਾਮਾਜਰਾ ਨੇ ਆਮ ਆਦਮੀ ਪਾਰਟੀ ਦੇ ਅੰਦਰੂਨੀ ਹਾਲਾਤਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਜਿਸ ਦੇ ਹੱਥ ਢੋਲਕੀ ਆ ਜਾਂਦੀ ਹੈ, ਉਹੀ ਇਸ ਨੂੰ ਕੁੱਟਣ ਲੱਗ ਜਾਂਦਾ ਹੈ। ਉੱਧਰ ਹਰਮੀਤ ਸਿੰਘ ਪਠਾਣਮਾਜਰਾ ਨੇ 'ਫੁੱਫੜ' ਨਾਲ ਜੁੜੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ 'ਇਨ੍ਹਾਂ ਨੂੰ ਫੁੱਫੜ ਦਾ ਹੀ ਸਰਾਪ ਲੱਗੂ।' ਦੋਵਾਂ ਵਿਧਾਇਕਾਂ ਦੇ ਪਾਰਟੀ ਛੱਡਣ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਦੋਵੇਂ ਆਗੂ ਆਪਣੀ ਅਗਲੀ ਸਿਆਸੀ ਪਾਰੀ ਕਿਸ ਪਾਰਟੀ ਨਾਲ ਸ਼ੁਰੂ ਕਰਦੇ ਹਨ ਅਤੇ ਇਸ ਦਾ ਆਮ ਆਦਮੀ ਪਾਰਟੀ ਦੀ ਸਿਆਸਤ 'ਤੇ ਕੀ ਅਸਰ ਪੈਂਦਾ ਹੈ।
Aam Aadmi Party Chetan Singh Jauramajra Harmeet Singh Pathanmajra Punjab Politics Punjab News Bjp Kuldeep Singh Dhaliwal Punjab Mla Political Controversy Punjab Political Update Aap Crisis Punjab Assembly Elections 2027