ਚੋਣ ਲੜਨ ਤੋਂ ਪਹਿਲਾ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਉਣ ਸਬੰਧੀ ਕਾਨੂੰਨ ਨਾ ਲਿਆਉਣ ਤੇ ਮੋਦੀ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
December 5, 2023 00:00:00
Daily Dharaledar / Punjab
ਚੋਣ ਲੜਨ ਤੋਂ ਪਹਿਲਾਂ ਕਰਵਾਇਆ ਜਾਵੇ ਉਮੀਦਵਾਰਾਂ ਦਾ ਡੋਪ ਟੈਸਟ — ਕਾਕਾ
ਪਟਿਆਲਾ -(ਅਮਰੀਕਇੰਦਰ ਸਿੰਘ) ਚੋਣ ਲੜਨ ਵਾਲੇ ਸਾਰੇ ਤਰ੍ਹਾਂ ਦੇ ਉਮੀਦਵਾਰਾਂ ਦਾ ਚੋਣ ਲੜਨ ਤੋਂ ਪਹਿਲਾਂ ਡੋਪ ਟੈਸਟ ਕਰਵਾਉਣ ਸਬੰਧੀ ਕਾਨੂੰਨ ਲਿਆਉਣ ਦੀ ਕੀਤੀ ਜਾ ਰਹੀ ਵਾਰ—ਵਾਰ ਮੰਗ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਵੱਖ—ਵੱਖ ਪਾਰਟੀਆਂ ਦੇ ਚੋਣ ਮੈਦਾਨ ਵਿੱਚ ਉਤਰਨ ਵਾਲੇ ਉਮੀਦਵਾਰਾਂ ਦਾ ਨੋਮੀਨੇਸ਼ਨ ਭਰਨ ਤੋਂ ਪਹਿਲਾਂ ਡੋਪ ਟੈਸਟ ਕਰਵਾਉਣ ਦੀ ਮੰਗ ਮੋਦੀ ਸਰਕਾਰ ਤੇ ਚੋਣ ਕਮਿਸ਼ਨ ਭਾਰਤ ਤੋਂ ਕਰਦਿਆ ਕਿਹਾ ਕਿ ਜੁਆਇਨਿੰਗ ਕਰਨ ਤੋਂ ਪਹਿਲਾਂ ਜਿਵੇਂ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਜਾਂ ਗੇਮਾਂ ਖੇਡਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਜਾਂਦਾ ਹੈ ਬਿਲਕੁਲ ਉਸੇ ਤਰ੍ਹਾਂ ਲੋਕ ਸਭਾ ਅਤੇ ਵਿਧਾਨ ਸਭਾ ਆਦਿ ਚੋੋਣ ਲੜਨ ਤੋਂ ਪਹਿਲਾਂ ਉਮੀਦਵਾਰਾਂ ਦਾ ਡੋਪ ਟੈਸਟ ਹੋਣਾ ਅਤੀ ਜਰੂਰੀ ਹੈ ਜਿਹੜੇ ਜਿੱਤ ਕੇ ਆਉਣਗੇ ਉਹਨਾਂ ਨੇਤਾਵਾਂ ਨੇ ਦੇਸ਼ ਅਤੇ ਸੂਬਿਆਂ ਨੂੰ ਸੰਭਾਲਣਾ ਤੇ ਚਲਾਉਣਾ ਹੁੰਦਾ ਹੈ। ਇਸ ਲਈ ਉਮੀਦਵਾਰਾਂ ਦਾ ਡੋਪ ਟੈਸਟ ਦੀ ਰਿਪੋਰਟ ਸਹੀ ਆਉਣ ਤੇ ਹੀ ਫਾਰਮ ਭਰਨ ਦੀ ਮਨਜੂਰੀ ਦਿੱਤੀ ਜਾਵੇ ਕਿਉਂਕਿ ਜਨਤਾ ਦਾ ਭਵਿੱਖ ਇਨ੍ਹਾਂ ਨੇਤਾਵਾਂ ਦੇ ਹੱਥਾ ਵਿੱਚ ਹੁੰਦਾ ਹੈ। ਜੇਕਰ ਚੰਗੇ ਵਿਅਕਤੀ ਰਾਜਨੀਤੀ ਵਿੱਚ ਆਉਣਗੇ ਤਾਂ ਉਹ ਤੰਦਰੁਸਤ ਸਮਾਜ ਲਈ ਕੰਮ ਕਰ ਸਕਣਗੇ ਤੇ ਦੇਸ਼ ਦੇ ਸੂਬਿਆਂ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣਗੇ। ਜੇਕਰ ਕੋਈ ਨੇਤਾ ਨਸ਼ਿਆਂ ਦਾ ਆਦਿ ਹੋਵੇਗਾ ਤਾਂ ਉਹ ਸਮਾਜ ਦਾ ਨੁਕਸਾਨ ਹੀ ਪਹੁੰਚਾਵੇਗਾ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮੋਦੀ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਤੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਉਣ ਸਬੰਧੀ ਜਲਦ ਕਾਨੂੰਨ ਲਿਆਦਾ ਜਾਵੇ। ਉਸ ਵਿੱਚ ਮੌਜੂਦਾ ਸੱਤਾ ਵਿੱਚ ਬੈਠੇ ਨੇਤਾਵਾਂ ਦੀ ਵੀ ਹਰ ਸਾਲ ਡੋਪ ਟੈਸਟ ਹੋਣਾ ਬਹੁਤ ਜਰੁਰੀ ਹੈ। ਜਿਸ ਨੇਤਾ ਦੀ ਡੋਪ ਟੈਸਟ ਰਿਪੋਰਟ ਸਹੀ ਨਹੀਂ ਹੁੰਦੀ ਉਸ ਨੇਤਾ ਦੀ ਮੈਂਬਰ ਸੱਦਸਤਾ ਨੂੰ ਖਤਮ ਕਰਕੇ ਅੱਗੇ ਤੋਂ ਚੋਣ ਲੜਨ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ। ਜਦੋਂ ਤੱਕ ਮੋਦੀ ਸਰਕਾਰ ਵਲੋਂ ਜਲਦ ਕਾਨੂੰਨ ਨਹੀਂ ਲਿਆਉਂਦਾ ਜਾਂਦਾ ਉਦੋ ਤੱਕ ਇਸ ਮੰਗ ਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਤੇ ਕਿਹਾ ਰਾਜਨੀਤੀ ਫੈਲੀ ਗੰਦਗੀ ਨੂੰ ਇਕੱਠੇ ਹੋਕੇ ਹੀ ਸਾਫ ਕੀਤਾ ਜਾ ਸਕਦਾ ਹੈ ਤਾਂ ਜੋ ਪਾਰਦਰਸ਼ੀ ਸੋਚ ਰੱਖਣ ਵਾਲੇ ਇਮਾਨਦਾਰ ਤੇ ਨਸ਼ਾ ਰਹਿਤ ਉਮੀਦਵਾਰਾਂ ਨੂੰ ਜਨਤਾ ਦੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋ ਸਕੇ ਅਤੇ ਜੋ ਪੰਜਾਬ ਵਿੱਚ ਨਸ਼ਿਆਂ ਕਾਰਨ ਬਣੇ ਹਾਲਤ ਤੋਂ ਵੀ ਮੁਕਤੀ ਮਿਲ ਸਕੇ। ਇਸ ਮੌਕੇ ਇੰਦਰਜੀਤ ਸਿੰਘ, ਲਾਲ ਖਾਨ, ਮਹਿੰਦਰ ਸਿੰਘ, ਸੁਦਾਗਰ ਖਾਨ, ਸੋਨੂੰ ਕੁਮਾਰ, ਸੁਰਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਸੂਰਜ ਕੁਮਾਰ, ਸੰਤ ਸਿੰਘ, ਨਰੇਸ਼ ਕੁਮਾਰ, ਸਤਪਾਲ ਸਿੰਘ, ਰਾਮਪਾਲ ਸਿੰਘ, ਜੰਗ ਖਾਨ, ਸੰਤਪਾਲ ਸਿੰਘ, ਰਸਪਾਲ ਸਿੰਘ, ਪ੍ਰੇਮ ਚੰਦ, ਸੁਸ਼ੀਲ ਕੁਮਾਰ, ਆਦਿ ਹਾਜਰ ਸਨ।Daily Dharaledar Online News Views and Reviews
Related News
Trending Stories
Hot News