June 15, 2026
Dharaledar Bureau / Bathinda
“ਖੇਤ ਬਚਾਓ ਅਭਿਆਨ” ਤਹਿਤ ਕੇ.ਵੀ.ਕੇ. ਬਠਿੰਡਾ ਵੱਲੋਂ ਪਿੰਡ ਨਥਾਣਾ ਵਿਖੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ, ਫੂਡ ਪ੍ਰੋਸੈਸਿੰਗ ਅਤੇ ਪਸ਼ੂ ਪਾਲਣ ਬਾਰੇ ਕੀਤਾ ਜਾਗਰੂਕ ਬਠਿੰਡਾ, 15 ਜੂਨ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ “ਖੇਤ ਬਚਾਓ ਅਭਿਆਨ” ਤਹਿਤ ਪਿੰਡ ਨਥਾਣਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ, ਫਸਲਾਂ ਦੀ ਮੁੱਲ ਵਧਾਉਣ ਵਾਲੀਆਂ ਗਤੀਵਿਧੀਆਂ ਅਤੇ ਪਸ਼ੂ ਪਾਲਣ ਸੰਬੰਧੀ ਵਿਗਿਆਨਕ ਜਾਣਕਾਰੀ ਮੁਹੱਈਆ ਕਰਵਾਈ ਗਈ। ਕੈਂਪ ਦੌਰਾਨ ਡਾ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ (ਫੂਡ ਪ੍ਰੋਸੈਸਿੰਗ), ਕੇ.ਵੀ.ਕੇ, ਬਠਿੰਡਾ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ( ਤਰਵੱਤਰ ਡੀ.ਐਸ.ਆਰ.) ਤਕਨੀਕ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਤਕਨੀਕ ਪਾਣੀ ਦੀ ਬੱਚਤ ਕਰਨ ਦੇ ਨਾਲ-ਨਾਲ ਖੇਤੀ ਦੀ ਲਾਗਤ ਘਟਾਉਣ ਵਿੱਚ ਵੀ ਸਹਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਖੇਤ ਦੀ ਤਿਆਰੀ, ਸਿਫ਼ਾਰਸ਼ੀ ਕਿਸਮਾਂ ਦੀ ਚੋਣ ਅਤੇ ਨਦੀਨਾਂ ਦੇ ਪ੍ਰਬੰਧਨ ਬਾਰੇ ਵੀ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਫੂਡ ਪ੍ਰੋਸੈਸਿੰਗ ਦੀ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਰਾਹੀਂ ਕਿਸਾਨ ਅਤੇ ਪੇਂਡੂ ਨੌਜਵਾਨ ਵਾਧੂ ਆਮਦਨ ਦੇ ਨਵੇਂ ਸਰੋਤ ਪੈਦਾ ਕਰ ਸਕਦੇ ਹਨ। ਇਸ ਮੌਕੇ ਡਾ. ਗੁਰਲਾਲ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ, ਬਠਿੰਡਾ ਨੇ ਗਰਮੀ ਦੇ ਮੌਸਮ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵੱਧਦੇ ਤਾਪਮਾਨ ਕਾਰਨ ਪਸ਼ੂਆਂ ਵਿੱਚ ਗਰਮੀ ਦਾ ਤਣਾਅ ਵਧ ਸਕਦਾ ਹੈ, ਜਿਸ ਨਾਲ ਦੁੱਧ ਉਤਪਾਦਨ ਅਤੇ ਸਿਹਤ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪਸ਼ੂਆਂ ਲਈ ਸਾਫ਼ ਅਤੇ ਠੰਢੇ ਪਾਣੀ ਦੀ ਉਪਲੱਬਧਤਾ, ਹਵਾਦਾਰ ਸ਼ੈੱਡ, ਸੰਤੁਲਿਤ ਖੁਰਾਕ ਅਤੇ ਸਮੇਂ-ਸਿਰ ਟੀਕਾਕਰਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪਸ਼ੂਆਂ ਵਿੱਚ ਹੋਣ ਵਾਲੀਆਂ ਆਮ ਬਿਮਾਰੀਆਂ ਤੋਂ ਬਚਾਅ ਅਤੇ ਰੋਕਥਾਮ ਲਈ ਅਪਣਾਈਆਂ ਜਾਣ ਵਾਲੀਆਂ ਵਿਗਿਆਨਕ ਤਕਨੀਕਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਗੁਰਲਾਲ ਸਿੰਘ ਨੇ ਕਿਸਾਨਾਂ ਨੂੰ ਮੱਕੀ ਦੇ ਆਚਾਰ ਦੀ ਤਿਆਰੀ, ਇਸ ਦੀ ਸਾਂਭ-ਸੰਭਾਲ ਬਾਰੇ ਵੀ ਜਾਣੂੰ ਕਰਵਾਇਆ। ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਪਸ਼ੂਆਂ ਵਿੱਚ ਖਣਿਜ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੇ.ਵੀ.ਕੇ. ਬਠਿੰਡਾ ਵਿਖੇ ਉੱਚ ਗੁਣਵੱਤਾ ਵਾਲਾ ਮਿਨਰਲ ਮਿਕਸਚਰ (ਧਾਤਾਂ ਦਾ ਚੂਰਾ) ਉਪਲੱਬਧ ਹੈ ਜੋ ਕਿ ਕਿਸਾਨ ਵੀਰ ਕੇ.ਵੀ.ਕੇ ਤੋਂ ਪ੍ਰਾਪਤ ਕਰ ਸਕਦੇ ਹਨ। ਕੈਂਪ ਦੌਰਾਨ ਕਿਸਾਨਾਂ ਨੇ ਮਾਹਿਰਾਂ ਨਾਲ ਖੇਤੀ ਅਤੇ ਪਸ਼ੂ ਪਾਲਣ ਨਾਲ ਸਬੰਧਤ ਆਪਣੇ ਸਵਾਲ ਸਾਂਝੇ ਕੀਤੇ, ਜਿਨ੍ਹਾਂ ਦੇ ਵਿਗਿਆਨਕ ਹੱਲ ਵੀ ਮਾਹਿਰਾਂ ਵੱਲੋਂ ਦਿੱਤੇ ਗਏ। ਕਿਸਾਨਾਂ ਨੇ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪਾਂ ਨੂੰ ਸਮੇਂ ਦੀ ਲੋੜ ਦੱਸਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ। Government of Punjab
bathinda b bathindacity bathinda pb03