September 24, 2026
ਗਮਾਡਾ ਦਫ਼ਤਰ ’ਚ Ed ਦੀ 36 ਘੰਟਿਆਂ ਦੀ ਕਾਰਵਾਈ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਲੈ ਗਈ ਟੀਮ
Prabhsimran Singh / Mohali
ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਫੇਜ਼-8 ਸਥਿਤ ਦਫ਼ਤਰ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਗਈ ਲਗਭਗ 36 ਘੰਟਿਆਂ ਦੀ ਤਲਾਸ਼ੀ ਅਤੇ ਨਿਗਰਾਨੀ ਵੀਰਵਾਰ ਸਵੇਰੇ ਕਰੀਬ 11:30 ਵਜੇ ਖ਼ਤਮ ਹੋ ਗਈ। ED ਦੀ ਕਾਰਵਾਈ ਮੰਗਲਵਾਰ ਸਵੇਰ ਤੋਂ ਜਾਰੀ ਸੀ। ਸੂਤਰਾਂ ਮੁਤਾਬਕ ED ਦੀਆਂ ਟੀਮਾਂ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਤੋਂ ਵੱਧ ਬੈਗ ਅਤੇ ਸਕੈਨ ਕੀਤੇ ਰਿਕਾਰਡਾਂ ਨਾਲ ਸਬੰਧਤ ਹਾਰਡ ਡਿਸਕਾਂ ਵੀ ਆਪਣੇ ਨਾਲ ਲੈ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਾਂਚ ਲਈ ਕਈ ਅਹਿਮ ਰਿਕਾਰਡ ਇਕੱਠੇ ਕੀਤੇ ਗਏ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਦੇ ਵਿਚਕਾਰ ਪੁਲੀਸ ਨੇ ED ਟੀਮਾਂ ਨੂੰ ਗਮਾਡਾ ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਸੁਰੱਖਿਅਤ ਬਾਹਰ ਕੱਢਿਆ। ਸੂਤਰਾਂ ਅਨੁਸਾਰ ਕਿਸੇ ਵੀ ਗਮਾਡਾ ਅਧਿਕਾਰੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿਕਾਸ ਗਰਗ ਸਮੇਤ ਸੀਨੀਅਰ ਅਧਿਕਾਰੀ ਵਾਪਸ ਕੰਮ ’ਤੇ ਪਰਤ ਆਏ ਹਨ। ਜ਼ਬਤ ਰਿਕਾਰਡ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ਵਿੱਚ ਕੁਝ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।
Gmada Ed Raid Enforcement Directorate Mohali Punjab News Gmada Raid Ed Search Mohali News Punjab Government Vikas Garg Investigation Search Operation Breaking News