October 1, 2026
ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ! ਵੜਿੰਗ ਦਿੱਲੀ ਤਲਬ, ਇਨ੍ਹਾਂ ਨਾਵਾਂ ’ਤੇ ਚਰਚਾ
Prabhsimran Singh / Chandigarh
ਪੰਜਾਬ ਕਾਂਗਰਸ ਵਿੱਚ ਵੱਡੇ ਸੰਗਠਨਾਤਮਕ ਬਦਲਾਅ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਹਾਈਕਮਾਂਡ ਨੇ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਲੀ ਬੁਲਾਇਆ ਹੈ। ਉਨ੍ਹਾਂ ਦੀ ਰਾਹੁਲ ਗਾਂਧੀ ਅਤੇ ਪਾਰਟੀ ਹਾਈਕਮਾਂਡ ਨਾਲ ਮੁਲਾਕਾਤ ਹੋਣੀ ਹੈ। ਅਗਲੇ 48 ਘੰਟੇ ਪੰਜਾਬ ਕਾਂਗਰਸ ਲਈ ਅਹਿਮ ਮੰਨੇ ਜਾ ਰਹੇ ਹਨ। ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਵੱਲੋਂ ਪਾਰਟੀ ਦੇ ਵੱਖ-ਵੱਖ ਧੜਿਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਨਵੇਂ ਸੂਬਾ ਪ੍ਰਧਾਨ ਦੇ ਨਾਂ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਵੜਿੰਗ ਨੂੰ ਬਦਲਣ ਦਾ ਫ਼ੈਸਲਾ ਹਾਈਕਮਾਂਡ ਵੱਲੋਂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਨਵੇਂ ਪ੍ਰਧਾਨ ਲਈ ਵਿਜੈ ਇੰਦਰ ਸਿੰਗਲਾ, ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਸਮੇਤ ਕਈ ਨਾਂ ਚਰਚਾ ਵਿੱਚ ਹਨ। ਵਿਜੈ ਇੰਦਰ ਸਿੰਗਲਾ ਦਾ ਨਾਂ ਪ੍ਰਮੁੱਖ ਦਾਅਵੇਦਾਰਾਂ ਵਿੱਚ ਦੱਸਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਬਣਨ ਤੋਂ ਬਾਅਦ ਸਚਿਨ ਪਾਇਲਟ ਵੱਲੋਂ ਸੂਬੇ ਦੇ ਆਗੂਆਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਅਤੇ ਪਾਰਟੀ ਦੀ ਜਥੇਬੰਦਕ ਸਥਿਤੀ ਬਾਰੇ ਫੀਡਬੈਕ ਵੀ ਹਾਈਕਮਾਂਡ ਦੇ ਵਿਚਾਰ-ਵਟਾਂਦਰੇ ਦਾ ਹਿੱਸਾ ਬਣਿਆ ਹੈ। ਇਸ ਦੌਰਾਨ ਪਾਰਟੀ ਅੰਦਰ ਵੱਖ-ਵੱਖ ਖੇਤਰਾਂ ਅਤੇ ਧੜਿਆਂ ਦੇ ਆਗੂਆਂ ਵਿਚਾਲੇ ਨਵੇਂ ਪ੍ਰਧਾਨ ਨੂੰ ਲੈ ਕੇ ਚਰਚਾ ਤੇਜ਼ ਹੈ। ਆਖਰੀ ਫ਼ੈਸਲਾ ਕਾਂਗਰਸ ਹਾਈਕਮਾਂਡ ਵੱਲੋਂ ਕੀਤਾ ਜਾਣਾ ਹੈ
Punjab Congress Raja Warring Sachin Pilot Rahul Gandhi Mallikarjun Kharge Vijay Inder Singla Pargat Singh Sukhjinder Randhawa Gurjit Aujla Punjab Politics Congress News Punjab News Assembly Elections Political News Congress President