November 10, 2026
ਸ਼ਾਹਕੋਟ ਨੇੜੇ ਸੰਘਣੀ ਧੁੰਦ ਕਾਰਨ ਵੱਡਾ ਸੜਕ ਹਾਦਸਾ, ਇਕ ਦੀ ਮੌਤ, 10 ਜ਼ਖ਼ਮੀ; 7 ਤੋਂ ਵੱਧ ਵਾਹਨ ਟਕਰਾਏ
Prabhsimran Singh / Jalandhar
ਜਲੰਧਰ-ਮੋਗਾ ਕੌਮੀ ਮਾਰਗ ’ਤੇ ਸ਼ਾਹਕੋਟ ਨੇੜੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵੱਡਾ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਰੀਬ 10 ਹੋਰ ਜ਼ਖ਼ਮੀ ਹੋ ਗਏ। ਹਾਦਸੇ ਦੌਰਾਨ ਅੱਧੀ ਦਰਜਨ ਤੋਂ ਵੱਧ ਵਾਹਨ ਇਕ-ਦੂਜੇ ਨਾਲ ਟਕਰਾ ਗਏ। ਮ੍ਰਿਤਕ ਦੀ ਪਛਾਣ ਡੱਬਵਾਲੀ ਵਾਸੀ ਪ੍ਰਗਟ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਵੇਰੇ ਮੋਗਾ ਤੋਂ ਜਲੰਧਰ ਵੱਲ ਜਾ ਰਿਹਾ ਇਕ ਟਿੱਪਰ ਸ਼ਾਹਕੋਟ ਦੇ ਪਹਿਲੇ ਫਲਾਈਓਵਰ ਤੋਂ ਉਤਰਦੇ ਸਮੇਂ ਕਿਸੇ ਵੱਡੇ ਵਾਹਨ ਨਾਲ ਟਕਰਾ ਗਿਆ ਅਤੇ ਸੜਕ ਦੇ ਵਿਚਕਾਰ ਖੜ੍ਹਾ ਹੋ ਗਿਆ। ਇਸੇ ਦੌਰਾਨ ਸੰਘਣੀ ਧੁੰਦ ਕਾਰਨ ਇਕ ਕਾਰ ਟਿੱਪਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਕਾਰ ਨੂੰ ਪ੍ਰਗਟ ਸਿੰਘ ਚਲਾ ਰਿਹਾ ਸੀ ਅਤੇ ਇਸ ਵਿੱਚ ਚਾਰ ਹੋਰ ਵਿਅਕਤੀ ਵੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮੁਲਾਜ਼ਮ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਚਾਲਕ ਅੰਦਰ ਹੀ ਫਸ ਗਿਆ। ਹਾਦਸੇ ਵਿੱਚ ਪ੍ਰਗਟ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿੱਚ ਸਵਾਰ ਬਾਕੀ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਸੇ ਦੌਰਾਨ ਇਕ ਹੋਰ ਆਲਟੋ ਕਾਰ ਵੀ ਟਿੱਪਰ ਨਾਲ ਟਕਰਾ ਗਈ, ਜਿਸ ਵਿੱਚ ਸਵਾਰ ਇਕ ਪਰਿਵਾਰ ਦੇ ਪੰਜੇ ਮੈਂਬਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਇਕ ਹੋਰ ਆਲਟੋ ਕਾਰ ਹਾਦਸਾਗ੍ਰਸਤ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਕਾਰ ਵਿੱਚ ਸਵਾਰ ਦੋ ਵਿਅਕਤੀ ਵੀ ਜ਼ਖ਼ਮੀ ਹੋ ਗਏ। ਹਾਦਸੇ ਕਾਰਨ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਸੂਚਨਾ ਮਿਲਣ ’ਤੇ 108 ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ ਗਿਆ, ਜਿੱਥੇ ਹਸਪਤਾਲ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਗੰਭੀਰ ਜ਼ਖ਼ਮੀਆਂ ਵਿੱਚੋਂ ਕੁਝ ਨੂੰ ਹੋਰ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਅਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ ਗਈ ਹੈ। ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟਿੱਪਰ ਚਾਲਕ ਦੀ ਭਾਲ ਵੀ ਕੀਤੀ ਜਾ ਰਹੀ ਹੈ।
Jalandhar Moga Shahkot Road Accident Dense Fog Punjab News Road Safety Pragat Singh Multiple Vehicle Collision Accident News Punjab Police