September 13, 2026
ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਫਾਇਰਿੰਗ, 7-8 ਰਾਊਂਡ ਚਲਾਏ; Cctv ’ਚ ਕੈਦ ਹੋਈ ਵਾਰਦਾਤ
Prabhsimran Singh / Barnala
ਬਰਨਾਲਾ ਦੇ ਪਿੰਡ ਫਰਵਾਹੀ ਵਿਖੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਦੇਰ ਰਾਤ ਹਮਲਾਵਰਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਘਟਨਾ ਰਾਤ ਕਰੀਬ 1:30 ਤੋਂ 2 ਵਜੇ ਦੇ ਵਿਚਕਾਰ ਵਾਪਰੀ, ਜਦੋਂ ਹਮਲਾਵਰਾਂ ਨੇ ਘਰ ਦੇ ਮੁੱਖ ਗੇਟ ’ਤੇ 7 ਤੋਂ 8 ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਖੁਸ਼ਕਿਸਮਤੀ ਨਾਲ ਗੋਲੀਬਾਰੀ ਦੌਰਾਨ ਕਿਸੇ ਨੂੰ ਸੱਟ ਨਹੀਂ ਲੱਗੀ, ਹਾਲਾਂਕਿ ਗੋਲੀਆਂ ਦੇ ਨਿਸ਼ਾਨ ਲੋਹੇ ਦੇ ਗੇਟ ’ਤੇ ਸਾਫ਼ ਦਿਖਾਈ ਦੇ ਰਹੇ ਹਨ। ਵਾਰਦਾਤ ਸਮੇਂ ਗੁਲਾਬ ਸਿੱਧੂ ਘਰ ਵਿੱਚ ਮੌਜੂਦ ਨਹੀਂ ਸਨ ਅਤੇ ਪਰਿਵਾਰ ਮੁਤਾਬਕ ਉਹ ਵਿਦੇਸ਼ ਵਿੱਚ ਮਿਊਜ਼ਿਕ ਸ਼ੋਅਜ਼ ਦੇ ਸਿਲਸਿਲੇ ਵਿੱਚ ਗਏ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਗੁਲਾਬ ਸਿੱਧੂ ਨੂੰ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ। ਪੁਲੀਸ ਇਸ ਘਟਨਾ ਨੂੰ ਪੁਰਾਣੀਆਂ ਧਮਕੀਆਂ ਅਤੇ ਗੈਂਗਸਟਰ ਐਂਗਲ ਨਾਲ ਜੋੜ ਕੇ ਜਾਂਚ ਕਰ ਰਹੀ ਹੈ। ਥਾਣਾ ਸਦਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਘਰ ਦੇ ਬਾਹਰ ਲੱਗੇ CCTV ਕੈਮਰਿਆਂ ਵਿੱਚ ਕੈਦ ਹੋਈ ਹੈ ਅਤੇ ਪੁਲੀਸ ਵੱਲੋਂ ਫੁਟੇਜ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
Firing At Gulab Sidhu House Breaking News Punjab Crime News News Feed Gulab Sidhu