September 25, 2026
ਜ਼ਿਊਰਿਖ ਹਵਾਈ ਅੱਡੇ ’ਤੇ Breath Analyzer ਟੈਸਟ ’ਚ ਫੇਲ੍ਹ ਏਅਰ ਇੰਡੀਆ ਪਾਇਲਟ ਮੁਅੱਤਲ
Delhi
ਏਅਰ ਇੰਡੀਆ ਨੇ ਜ਼ਿਊਰਿਖ ਹਵਾਈ ਅੱਡੇ ’ਤੇ ਬ੍ਰੈਥ ਐਨਾਲਾਈਜ਼ਰ ਟੈਸਟ ਵਿੱਚ ਫੇਲ੍ਹ ਹੋਏ ਆਪਣੇ ਇੱਕ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਘਟਨਾ 6 ਸਤੰਬਰ ਨੂੰ ਵਾਪਰੀ, ਜਦੋਂ ਪਾਇਲਟ ਨੇ ਜ਼ਿਊਰਿਖ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਉਡਾਣ AI151 ਚਲਾਉਣੀ ਸੀ। ਅਧਿਕਾਰੀਆਂ ਮੁਤਾਬਕ ਹਵਾਈ ਅੱਡੇ ’ਤੇ ਪਾਇਲਟ ਦੇ ਮੂੰਹੋਂ ਸ਼ਰਾਬ ਦੀ ਬਦਬੂ ਆਉਣ ਤੋਂ ਬਾਅਦ ਏਅਰਲਾਈਨ ਅਧਿਕਾਰੀਆਂ ਨੇ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸ਼ੁਰੂਆਤੀ ਬ੍ਰੈਥ ਐਨਾਲਾਈਜ਼ਰ ਟੈਸਟ ਵਿੱਚ ਪਾਜ਼ੇਟਿਵ ਨਤੀਜਾ ਆਉਣ ’ਤੇ ਉਸ ਨੂੰ ਤੁਰੰਤ ਫਲਾਈਟ ਡਿਊਟੀ ਤੋਂ ਹਟਾ ਕੇ ਮੈਡੀਕਲ ਜਾਂਚ ਲਈ ਭੇਜਿਆ ਗਿਆ। ਇਸ ਤੋਂ ਬਾਅਦ ਪਾਇਲਟ ਨੂੰ ਯਾਤਰੀ ਵਜੋਂ ਭਾਰਤ ਵਾਪਸ ਭੇਜ ਦਿੱਤਾ ਗਿਆ। ਅੰਤਿਮ ਮੈਡੀਕਲ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੱਕ ਉਹ ਮੁਅੱਤਲ ਰਹੇਗਾ। ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਅਗਲੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਸਵਿਸ ਫੈਡਰਲ ਆਫਿਸ ਆਫ ਸਿਵਲ ਐਵੀਏਸ਼ਨ (FOCA) ਦੇ ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਯਮਾਂ ਤਹਿਤ ਲੋੜੀਂਦੇ ਕਦਮ ਚੁੱਕੇ ਗਏ ਅਤੇ ਏਅਰਲਾਈਨ ਤੇ ਭਾਰਤ ਦੇ DGCA ਨੂੰ ਵੀ ਸੂਚਿਤ ਕੀਤਾ ਗਿਆ। ਇਸ ਕਾਰਨ AI151 ਉਡਾਣ ਆਪਣੇ ਨਿਰਧਾਰਿਤ ਸਮੇਂ ’ਤੇ ਉਡਾਣ ਨਹੀਂ ਭਰ ਸਕੀ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ 4 ਸਤੰਬਰ ਨੂੰ ਏਅਰ ਇੰਡੀਆ ਨੇ ਫੂਕੇਟ-ਦਿੱਲੀ ਉਡਾਣ ਦੇ ਪਾਇਲਟ-ਇਨ-ਕਮਾਂਡ ਦੀਆਂ ਸੇਵਾਵਾਂ ਨਸ਼ੇ ਦੇ ਸੇਵਨ ਦੇ ਟੈਸਟ ਵਿੱਚ ਪਾਜ਼ੇਟਿਵ ਆਉਣ ਤੋਂ ਬਾਅਦ ਖ਼ਤਮ ਕਰ ਦਿੱਤੀਆਂ ਸਨ। 4 ਅਗਸਤ ਦੀ ਉਸ ਘਟਨਾ ਵਿੱਚ A320 ਜਹਾਜ਼ ਦੀਆਂ ਤਿੰਨੋਂ ਹਾਈਡ੍ਰੌਲਿਕ ਪ੍ਰਣਾਲੀਆਂ ਖ਼ਰਾਬ ਹੋਣ ਕਾਰਨ ਜਹਾਜ਼ ਅਚਾਨਕ 300 ਫੁੱਟ ਹੇਠਾਂ ਆ ਗਿਆ ਸੀ ਅਤੇ 24 ਯਾਤਰੀ ਜ਼ਖ਼ਮੀ ਹੋਏ ਸਨ। AAIB ਨੇ ਪਾਇਲਟ ਵੱਲੋਂ ਨਸ਼ੇ ਦੇ ਸੇਵਨ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਸੀ।
Air India Zurich Airport Breath Analyzer Test Ai151 Pilot Suspended Dgca Foca Aviation News Flight Safety Delhi Flight India News Airline News