November 12, 2026
ਕੈਨੇਡਾ ’ਚ 40 ਕਿਲੋ ਕੋਕੀਨ ਤਸਕਰੀ ਮਾਮਲੇ ’ਚ ਭਾਰਤੀ ਮੂਲ ਦਾ ਸਿੱਖ ਟਰੱਕ ਡਰਾਈਵਰ ਦੋਸ਼ੀ ਕਰਾਰ, ਫਰਵਰੀ ’ਚ ਹੋਵੇਗਾ ਸਜ਼ਾ ਦਾ ਐਲਾਨ
Prabhsimran Singh / Canada
ਕੈਨੇਡਾ ਦੇ ਓਨਟਾਰੀਓ ਦੀ ਇੱਕ ਅਦਾਲਤ ਨੇ 33 ਸਾਲਾ ਭਾਰਤੀ ਮੂਲ ਦੇ ਸਿੱਖ ਟਰੱਕ ਡਰਾਈਵਰ ਰਣਜੀਤ ਸਿੰਘ ਨੂੰ ਕਰੀਬ 40 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਅਤੇ ਦਰਾਮਦ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਹ ਨਸ਼ੀਲੇ ਪਦਾਰਥ ਅਪਰੈਲ 2024 ਵਿੱਚ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਲਿਆਂਦੇ ਗਏ ਸਨ। ਬਰਾਮਦ ਕੀਤੀ ਗਈ ਕੋਕੀਨ ਦੀ ਕੀਮਤ 36 ਲੱਖ ਤੋਂ 48 ਲੱਖ ਡਾਲਰ ਦੇ ਵਿਚਕਾਰ ਦੱਸੀ ਗਈ ਹੈ। ਓਨਟਾਰੀਓ ਸੁਪੀਰੀਅਰ ਕੋਰਟ ਦੇ ਜਸਟਿਸ ਸਕੌਟ ਪ੍ਰੈਟ ਨੇ ਸੋਮਵਾਰ ਨੂੰ ਰਣਜੀਤ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਅਤੇ ਤਸਕਰੀ ਦੇ ਉਦੇਸ਼ ਨਾਲ ਆਪਣੇ ਕੋਲ ਰੱਖਣ ਦੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ। ਜੂਨ ਮਹੀਨੇ ਸਾਰਨੀਆ ਵਿਖੇ ਇਸ ਮਾਮਲੇ ਦੀ ਤਿੰਨ ਹਫ਼ਤਿਆਂ ਤੱਕ ਸੁਣਵਾਈ ਹੋਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ।ਜਾਣਕਾਰੀ ਅਨੁਸਾਰ, 26 ਅਪਰੈਲ 2024 ਨੂੰ ਬਲੂ ਵਾਟਰ ਬ੍ਰਿਜ ਦੇ ਕੈਨੇਡੀਅਨ ਪਾਸੇ ਰਣਜੀਤ ਸਿੰਘ ਦੇ ਟਰੱਕ ਦੀ ਜਾਂਚ ਦੌਰਾਨ ਦੋ ਗੱਤੇ ਦੇ ਡੱਬਿਆਂ ਵਿੱਚੋਂ ਕਰੀਬ 40 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਸੀ। ਇਹ ਡੱਬੇ ਹੋਰ ਸਾਮਾਨ ਨਾਲ ਭਰੇ ਇੱਕ ਪੈਲੇਟ ਵਿੱਚ ਲੁਕਾਏ ਹੋਏ ਸਨ। ਮੁਕੱਦਮੇ ਦੌਰਾਨ ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਰਣਜੀਤ ਸਿੰਘ ਨੇ ਅਮਰੀਕਾ ਦੇ ਇਲੀਨੋਇਸ ਸੂਬੇ ਦੇ ਚੰਨਾਹਨ ਸਥਿਤ ਇੱਕ ਪਾਇਲਟ ਟਰੈਵਲ ਸੈਂਟਰ ਵਿੱਚ ਕਿਸੇ ਹੋਰ ਟਰੱਕ ਡਰਾਈਵਰ ਤੋਂ ਕੋਕੀਨ ਦੀਆਂ ਇੱਟਾਂ ਪ੍ਰਾਪਤ ਕੀਤੀਆਂ ਸਨ। ਇਸ ਤੋਂ ਬਾਅਦ ਉਸ ਨੇ ਇਲੀਨੋਇਸ ਦੇ ਸ਼ੋਰਵੁੱਡ ਵਿੱਚ ਸਥਿਤ ਹੋਮ ਡਿਪੋ ਸਟੋਰ ਤੋਂ ਗੱਤੇ ਦੇ ਡੱਬੇ ਖਰੀਦੇ ਅਤੇ ਉਨ੍ਹਾਂ ਵਿੱਚ ਨਸ਼ੀਲੇ ਪਦਾਰਥ ਪੈਕ ਕੀਤੇ। ਫਿਰ ਇਹ ਡੱਬੇ ਮਿਸ਼ੀਗਨ ਦੇ ਲੈਂਸਿੰਗ ਵਿੱਚ ਸੈਂਡਰਜ਼ ਰੋਡ ਸਥਿਤ ਇੱਕ ਯਾਰਡ ਵਿੱਚ ਆਪਣੇ ਟ੍ਰੇਲਰ ਉੱਤੇ ਲੱਦ ਦਿੱਤੇ ਗਏ ਸਨ।ਦੂਜੇ ਪਾਸੇ, ਰਣਜੀਤ ਸਿੰਘ ਨੇ ਅਦਾਲਤ ਵਿੱਚ ਦੋਵਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਭਾਵੇਂ ਉਸ ਦੇ ਟ੍ਰੇਲਰ ਵਿੱਚੋਂ ਕੋਕੀਨ ਬਰਾਮਦ ਹੋਈ ਹੈ, ਪਰ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਉਸ ਨੂੰ ਕਿਸੇ ਨੇ ਨਸ਼ੀਲੇ ਪਦਾਰਥ ਦਿੱਤੇ ਸਨ। ਉਸ ਨੇ ਦਾਅਵਾ ਕੀਤਾ ਕਿ ਕੰਪਨੀ ਦੇ ਮਾਲਕ ਨੇ ਉਸ ਨੂੰ ਹੋਮ ਡਿਪੋ ਤੋਂ ਡੱਬੇ ਖਰੀਦ ਕੇ ਮਿਸ਼ੀਗਨ ਦੇ ਯਾਰਡ ਵਿੱਚ ਕਿਸੇ ਹੋਰ ਟਰੱਕ ਕੋਲ ਛੱਡਣ ਲਈ ਕਿਹਾ ਸੀ। ਰਣਜੀਤ ਨੇ ਇਹ ਵੀ ਦੱਸਿਆ ਕਿ ਯਾਰਡ ਵਿੱਚ ਉਸ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਦੇਖਿਆ ਸੀ ਅਤੇ ਵਾਸ਼ਰੂਮ ਜਾਣ ਦੌਰਾਨ ਉਸ ਨੇ ਆਪਣਾ ਟਰੱਕ 10 ਤੋਂ 15 ਮਿੰਟ ਲਈ ਬਿਨਾਂ ਨਿਗਰਾਨੀ ਦੇ ਛੱਡ ਦਿੱਤਾ ਸੀ। ਉਸ ਨੇ ਦਲੀਲ ਦਿੱਤੀ ਕਿ ਇਸ ਦੌਰਾਨ ਕਿਸੇ ਹੋਰ ਵਿਅਕਤੀ ਵੱਲੋਂ ਟ੍ਰੇਲਰ ਵਿੱਚ ਨਸ਼ੀਲੇ ਪਦਾਰਥ ਰੱਖੇ ਜਾ ਸਕਦੇ ਸਨ।ਹਾਲਾਂਕਿ, ਜਸਟਿਸ ਸਕੌਟ ਪ੍ਰੈਟ ਨੇ ਰਣਜੀਤ ਸਿੰਘ ਦੇ ਬਿਆਨਾਂ ਨੂੰ ਭਰੋਸੇਯੋਗ ਨਹੀਂ ਮੰਨਿਆ। ਜੱਜ ਨੇ ਉਸ ਦੀ ਗਵਾਹੀ ਵਿੱਚ ਕਈ ਅਸੰਗਤਤਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਸਰਕਾਰੀ ਵਕੀਲ ਦੇ ਇਸ ਪੱਖ ਨਾਲ ਸਹਿਮਤ ਹਨ ਕਿ ਰਣਜੀਤ ਨੇ ਸੰਭਾਵਤ ਤੌਰ ’ਤੇ ਟਰੈਵਲ ਸੈਂਟਰ ਵਿਖੇ ਕਿਸੇ ਹੋਰ ਡਰਾਈਵਰ ਤੋਂ ਕੋਕੀਨ ਪ੍ਰਾਪਤ ਕੀਤੀ ਸੀ। ਜੱਜ ਨੇ ਕਿਹਾ ਕਿ ਨਸ਼ੀਲੇ ਪਦਾਰਥ ਉਸ ਨੇ ਕਿਸ ਸਮੇਂ ਪ੍ਰਾਪਤ ਕੀਤੇ, ਇਹ ਗੱਲ ਮਹੱਤਵਪੂਰਨ ਨਹੀਂ ਹੈ, ਕਿਉਂਕਿ ਕੈਨੇਡਾ ਵਿੱਚ ਦਾਖ਼ਲ ਹੋਣ ਸਮੇਂ ਕੋਕੀਨ ਉਸ ਦੇ ਕਬਜ਼ੇ ਵਿੱਚ ਸੀ ਅਤੇ ਉਸ ਨੂੰ ਪਤਾ ਸੀ ਕਿ ਇਹ ਉਸ ਦੇ ਟ੍ਰੇਲਰ ਵਿੱਚ ਮੌਜੂਦ ਸੀ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਨੂੰ ਮਈ 2024 ਦੇ ਸ਼ੁਰੂ ਵਿੱਚ 2 ਲੱਖ ਡਾਲਰ ਦੀ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਹੁਣ ਸਜ਼ਾ ਸੁਣਾਏ ਜਾਣ ਤੱਕ ਉਹ ਜ਼ਮਾਨਤ ’ਤੇ ਹੀ ਬਾਹਰ ਰਹੇਗਾ। ਅਦਾਲਤ ਵੱਲੋਂ ਸਜ਼ਾ ਸਬੰਧੀ ਸੁਣਵਾਈ ਫਰਵਰੀ ਵਿੱਚ ਤੈਅ ਕੀਤੀ ਗਈ ਹੈ।
Canada Ontario Court Ranjit Singh Indian Origin Sikh Sikh Truck Driver Cocaine Smuggling Drug Trafficking 40 Kg Cocaine Blue Water Bridge Canada News Us Canada Border Ontario Superior Court Sarnia Court Drug Importation