October 18, 2026
ਸੀਬੀਆਈ ਅੱਗੇ ਪੇਸ਼ ਹੋਏ ਬੀਰ ਦਵਿੰਦਰ ਸਿੰਘ ਬੱਲਾਂ ਤੇ ਜਿਤਿਨ ਗੋਹਲ, ਦੋ ਨਿੱਜੀ ਵਿਅਕਤੀਆਂ ਤੋਂ ਵੀ ਪੁੱਛਗਿੱਛ
Prabhsimran Singh / Punjab
ਸੀਬੀਆਈ ਵੱਲੋਂ ਤਲਬ ਕੀਤੇ ਜਾਣ ਮਗਰੋਂ ਅੱਜ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਦੇ ਕਰੀਬੀ ਬੀਰ ਦਵਿੰਦਰ ਸਿੰਘ ਬੱਲਾਂ ਅਤੇ ਜਿਤਿਨ ਗੋਹਲ ਤੋਂ ਇਲਾਵਾ ਕਮਲਪ੍ਰੀਤ ਸਿੰਘ ਤੇ ਕਰਨ ਭੂਸ਼ਣ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਪੇਸ਼ ਹੋਏ। ਦੋਵੇਂ ਨਿੱਜੀ ਵਿਅਕਤੀਆਂ ਨੂੰ ਚੈੱਟ ਵਿੱਚ ਜ਼ਿਕਰ ਹੋਣ ਕਾਰਨ ਬੁਲਾਇਆ ਗਿਆ ਸੀ। ਇਸ ਤੋਂ ਪਹਿਲਾਂ ਰਾਜਬੀਰ ਸਿੰਘ ਘੁੰਮਣ ਵੀ ਸੀਬੀਆਈ ਅੱਗੇ ਪੇਸ਼ ਹੋ ਚੁੱਕੇ ਹਨ ਅਤੇ ਸੋਮਵਾਰ ਨੂੰ ਮੁੜ ਪੇਸ਼ ਹੋਣਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਨੇ 5 ਅਕਤੂਬਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਰਾਜਬੀਰ ਸਿੰਘ ਘੁੰਮਣ, ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ, ਆਰਐੱਸ ਨਾਗਰਾ ਅਤੇ ਅਣਪਛਾਤੇ ਸਰਕਾਰੀ ਤੇ ਨਿੱਜੀ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਐੱਫਆਈਆਰ ਵਿੱਚ ਨਾਮਜ਼ਦ ਅੱਧੀ ਦਰਜਨ ਵਿਅਕਤੀਆਂ ਵਿੱਚੋਂ ਹੁਣ ਤੱਕ ਤਿੰਨ ਵਿਅਕਤੀ ਜਾਂਚ ਵਿੱਚ ਸ਼ਾਮਲ ਹੋ ਚੁੱਕੇ ਹਨ, ਜਦੋਂਕਿ ਨਿਤਿਨ ਗੋਹਲ, ਰੋਮੀ ਰਾਜਾ ਮਹਾਜਨ ਅਤੇ ਆਰਐੱਸ ਨਾਗਰਾ ਹਾਲੇ ਪੇਸ਼ ਨਹੀਂ ਹੋਏ ਹਨ। ਅੱਜ ਜਿਤਿਨ ਗੋਹਲ ਅਤੇ ਬੀਰ ਦਵਿੰਦਰ ਸਿੰਘ ਦੇ ਪੇਸ਼ ਹੋਣ ਮੌਕੇ ਉਨ੍ਹਾਂ ਦੇ ਵਕੀਲ ਵੀ ਨਾਲ ਆਏ ਹੋਏ ਸਨ। ਇਸ ਮਾਮਲੇ ਵਿੱਚ ਪਹਿਲਾਂ ਚੁਸ਼ਪਿੰਦਰ ਸਿੰਘ ਮਾਨਸਾ ਦੇ ਵੀ ਮੁੜ ਜਾਂਚ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ, ਪਰ ਅੱਜ ਉਨ੍ਹਾਂ ਨੂੰ ਤਲਬ ਨਹੀਂ ਕੀਤਾ ਗਿਆ। ਚੁਸ਼ਪਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੋਕ ਪ੍ਰਤੀਨਿਧ ਹੋਣ ਦੇ ਨਾਤੇ ਇੱਕ ਸਾਧਾਰਨ ਕਾਰੋਬਾਰੀ ਲਈ ਅਸਲਾ ਲਾਇਸੈਂਸ ਦੀ ਸਿਫ਼ਾਰਸ਼ ਕੀਤੀ ਸੀ ਅਤੇ ਉਸ ਕਾਰੋਬਾਰੀ ਦੇ ਰਿਕਾਰਡ ’ਤੇ ਕੋਈ ਦਾਗ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲਾ ਲਾਇਸੈਂਸ ਦੀ ਸਿਫ਼ਾਰਸ਼ ਕਰਨ ਕਾਰਨ ਉਨ੍ਹਾਂ ਨੂੰ ਵਾਰ-ਵਾਰ ਬੁਲਾਇਆ ਜਾ ਰਿਹਾ ਹੈ, ਜਦੋਂਕਿ ਉਨ੍ਹਾਂ ਨੇ ਕੋਈ ਗ਼ੈਰ-ਕਾਨੂੰਨੀ ਕੰਮ ਨਹੀਂ ਕੀਤਾ। ਦੱਸਣਯੋਗ ਹੈ ਕਿ ਬੀਰ ਦਵਿੰਦਰ ਸਿੰਘ ਇਸ ਸਮੇਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਹਨ ਅਤੇ ਉਹ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵੀ ਲੜ ਚੁੱਕੇ ਹਨ। ਸੀਬੀਆਈ ਇਸ ਮਾਮਲੇ ਵਿੱਚ ਬੀਰ ਦਵਿੰਦਰ ਸਿੰਘ ਦੇ ਪਿਤਾ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।
Cbi Investigation Rajbir Singh Ghuman Bir Davinder Singh Jitin Goyal Kamalpreet Singh Karan Bhushan Chushpinder Singh Mansa Punjab News Corruption Case Punjab And Haryana High Court Aap Punjab Arms License Case