November 29, 2026
ਨਸ਼ਾਖੋਰੀ ਨੌਜਵਾਨਾਂ ਦੇ ਸੁਫ਼ਨਿਆਂ ਲਈ ਵੱਡੀ ਚੁਣੌਤੀ: Pm ਮੋਦੀ
Garima / Delhi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਨਸ਼ਾਖੋਰੀ ਨੂੰ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਅਤੇ ਸੁਫ਼ਨਿਆਂ ਲਈ ਵੱਡੀ ਚੁਣੌਤੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਈ ਨੌਜਵਾਨ ਆਪਣੇ ਮਜ਼ਬੂਤ ਇਰਾਦੇ ਅਤੇ ਮਨੋਬਲ ਨਾਲ ਨਸ਼ੇ ਦੀ ਲਤ ’ਤੇ ਕਾਬੂ ਪਾ ਕੇ ਨਾ ਸਿਰਫ਼ ਆਪਣੀ ਜ਼ਿੰਦਗੀ ਬਦਲ ਰਹੇ ਹਨ, ਸਗੋਂ ਦੂਜਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਦੇਸ਼ ਵਿੱਚ ਨਸ਼ਾਖੋਰੀ ਵਿਰੁੱਧ ਲੜਾਈ ਵਿੱਚ ਸਮਾਜ ਦੀ ਸਰਗਰਮ ਭਾਗੀਦਾਰੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ, “ਨਸ਼ੇ ਅਤੇ ਨਸ਼ਾਖੋਰੀ ਨੌਜਵਾਨਾਂ ਦੇ ਸੁਫ਼ਨਿਆਂ ਲਈ ਵੱਡੀ ਚੁਣੌਤੀ ਬਣ ਗਏ ਹਨ। ਕਈ ਨੌਜਵਾਨ ਦ੍ਰਿੜ ਇਰਾਦੇ ਅਤੇ ਮਨੋਬਲ ਨਾਲ ਨਸ਼ਾਖੋਰੀ ’ਤੇ ਕਾਬੂ ਪਾ ਕੇ ਹੋਰਨਾਂ ਨੂੰ ਪ੍ਰੇਰਿਤ ਕਰ ਰਹੇ ਹਨ।” ਇਸ ਦੌਰਾਨ ਪ੍ਰਧਾਨ ਮੰਤਰੀ ਨੇ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਵਾਲੇ ਇੱਕ ਨੌਜਵਾਨ ਨਾਲ ਗੱਲਬਾਤ ਵੀ ਕੀਤੀ ਅਤੇ ਉਸ ਤੋਂ ਉਸ ਦੇ ਸੰਘਰਸ਼ ਤੇ ਤਜਰਬੇ ਬਾਰੇ ਜਾਣਿਆ।ਮੋਦੀ ਨੇ ਕਿਹਾ ਕਿ ਦੇਸ਼ ਵਿੱਚ ‘ਨਸ਼ਾ ਮੁਕਤ ਯੁਵਾ ਅਭਿਆਨ’ ਵੀ ਪੂਰੀ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮੁਹਿੰਮ ਵਿੱਚ ਸਮਾਜ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਨਸ਼ਿਆਂ ਵਿਰੁੱਧ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ‘ਮਨ ਕੀ ਬਾਤ’ ਦੌਰਾਨ ਪ੍ਰਧਾਨ ਮੰਤਰੀ ਨੇ ਮੋਬਾਈਲ ਫ਼ੋਨ ਗੁੰਮ ਹੋਣ ਅਤੇ ਸਾਈਬਰ ਧੋਖਾਧੜੀ ਵਰਗੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ‘ਸੰਚਾਰ ਸਾਥੀ’ ਐਪ ਲੋਕਾਂ ਲਈ ਕਾਫ਼ੀ ਮਦਦਗਾਰ ਸਾਬਤ ਹੋ ਰਹੀ ਹੈ। ਇਸ ਐਪ ਰਾਹੀਂ ਵਰਤੋਂਕਾਰ ਆਪਣੇ ਗੁੰਮ ਜਾਂ ਚੋਰੀ ਹੋਏ ਮੋਬਾਈਲ ਫ਼ੋਨ ਲੱਭਣ ਲਈ ਕਾਰਵਾਈ ਕਰ ਸਕਦੇ ਹਨ ਅਤੇ ਸ਼ੱਕੀ ਧੋਖਾਧੜੀ ਵਾਲੀਆਂ ਕਾਲਾਂ ਦੀ ਰਿਪੋਰਟ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਐਪ ਡਿਜੀਟਲ ਦੁਨੀਆ ਨੂੰ ਵਧੇਰੇ ਸੁਰੱਖਿਅਤ ਬਣਾਉਣ ਵਿੱਚ ਮਦਦ ਕਰਦੀ ਹੈ।ਪ੍ਰਧਾਨ ਮੰਤਰੀ ਨੇ ਸਰਕਾਰੀ ਕਰਮਚਾਰੀਆਂ ਦੀ ਸਿਖਲਾਈ ਲਈ ਬਣਾਏ ਗਏ ਆਈਗੌਟ ਕਰਮਯੋਗੀ (iGOT Karmayogi) ਪਲੈਟਫ਼ਾਰਮ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪਲੈਟਫ਼ਾਰਮ ’ਤੇ 17 ਭਾਰਤੀ ਭਾਸ਼ਾਵਾਂ ਵਿੱਚ 7,000 ਤੋਂ ਵੱਧ ਕੋਰਸ ਉਪਲੱਬਧ ਹਨ। ਲੱਖਾਂ ਸਰਕਾਰੀ ਕਰਮਚਾਰੀ ਇਨ੍ਹਾਂ ਕੋਰਸਾਂ ਨੂੰ ਪੂਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਕਰਮਚਾਰੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਸਿਖਲਾਈ ਲੈ ਰਹੇ ਹਨ, ਜਦਕਿ ਕਈ ਹੋਰ ਭਾਰਤੀ ਸੰਕੇਤਕ ਭਾਸ਼ਾ (Indian Sign Language) ਸਿੱਖ ਰਹੇ ਹਨ। ਇਸ ਤੋਂ ਇਲਾਵਾ ਮੋਦੀ ਨੇ ਭਾਰਤ ਦੇ ਅਜਾਇਬ ਘਰਾਂ ਦੀ ਵਿਸ਼ਵ ਪੱਧਰ ’ਤੇ ਬਣ ਰਹੀ ਪਛਾਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਬਿਹਾਰ ਦੀ ਰਾਜਧਾਨੀ ਪਟਨਾ ਸਥਿਤ ਬਿਹਾਰ ਅਜਾਇਬ ਘਰ ਦੁਨੀਆ ਦੇ 100 ਸਰਵੋਤਮ ਅਜਾਇਬ ਘਰਾਂ ਦੀ ਸੂਚੀ ਵਿੱਚ ਨੌਵੇਂ ਸਥਾਨ ’ਤੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੂਚੀ ਵਿੱਚ ਬਿਹਾਰ ਅਜਾਇਬ ਘਰ ਨੇ ਏਸ਼ੀਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵਡਨਗਰ ਵਿੱਚ ਸਥਿਤ ‘ਅਨੰਤ ਅਨਾਦੀ ਵਡਨਗਰ ਪੁਰਾਤੱਤਵ ਅਨੁਭਵੀ ਅਜਾਇਬ ਘਰ’ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਵਡਨਗਰ ਵਿੱਚ ਪੁਰਾਤੱਤਵ ਵਿਭਾਗ ਵੱਲੋਂ ਕੀਤੀਆਂ ਗਈਆਂ ਖੁਦਾਈਆਂ ਦੌਰਾਨ ਵੱਖ-ਵੱਖ ਇਤਿਹਾਸਕ ਕਾਲਾਂ ਨਾਲ ਸਬੰਧਤ ਕਈ ਮਹੱਤਵਪੂਰਨ ਵਸਤੂਆਂ ਮਿਲੀਆਂ ਸਨ। ਇਨ੍ਹਾਂ ਇਤਿਹਾਸਕ ਖੋਜਾਂ ਅਤੇ ਖੁਦਾਈ ਵਾਲੀ ਥਾਂ ’ਤੇ ਹੀ ਇਸ ਅਜਾਇਬ ਘਰ ਨੂੰ ਵਿਕਸਤ ਕੀਤਾ ਗਿਆ ਹੈ।
Mann Ki Baat Narendra Modi Pm Modi Drug Addiction Nasha Mukt Yuva Abhiyan Sanchar Saathi App Igot Karmayogi Bihar Museum Vadnagar Museum Indian Sign Language Youth Development