November 29, 2026
ਮੁੱਖ ਮੰਤਰੀ ਦੀ ਲੋਕ-ਮਿਲਣੀ ਤੋਂ ਪਹਿਲਾਂ ਪੁਲੀਸ ਦੀ ਕਾਰਵਾਈ
Aman Makkar / Ludhiana
ਹਲਕਾ ਦਾਖਾ ਅਧੀਨ ਪੈਂਦੇ ਵੱਡੇ ਪਿੰਡ ਹਾਂਸ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਜ ਹੋਣ ਵਾਲੇ ਲੋਕ-ਮਿਲਣੀ ਪ੍ਰੋਗਰਾਮ ਤੋਂ ਪਹਿਲਾਂ ਪੁਲੀਸ ਨੇ ਜਨਤਕ ਆਗੂਆਂ ਨੂੰ ਨਜ਼ਰਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਜਗਰਾਉਂ ਇਲਾਕੇ ਵਿੱਚ ਦੋ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਇਨ੍ਹਾਂ ਵਿੱਚ ਇੱਕ ਮਜ਼ਦੂਰ ਆਗੂ ਅਤੇ ਇੱਕ ਨੌਜਵਾਨ ਆਗੂ ਸ਼ਾਮਲ ਹਨ। ਜਾਣਕਾਰੀ ਅਨੁਸਾਰ ਪੁਲੀਸ ਸਵੇਰੇ ਹੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਅਵਤਾਰ ਸਿੰਘ ਤਾਰੀ ਦੇ ਪਿੰਡ ਰਸੂਲਪੁਰ ਸਥਿਤ ਘਰ ਪਹੁੰਚ ਗਈ। ਅਵਤਾਰ ਸਿੰਘ ਰਸੂਲਪੁਰ ਕਿਸੇ ਕੰਮ ਲਈ ਘਰੋਂ ਜਾ ਰਹੇ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਇਸੇ ਤਰ੍ਹਾਂ ਵੱਖ-ਵੱਖ ਮੁੱਦਿਆਂ ’ਤੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਜਨਤਕ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਨੌਜਵਾਨ ਆਗੂ ਸੁੱਖ ਜਗਰਾਉਂ ਦੇ ਘਰ ਵੀ ਪੁਲੀਸ ਸਵੇਰੇ ਹੀ ਪਹੁੰਚ ਗਈ। ਪੁਲੀਸ ਨੇ ਉਨ੍ਹਾਂ ਨੂੰ ਵੀ ਘਰ ਵਿੱਚ ਨਜ਼ਰਬੰਦ ਕਰ ਲਿਆ।ਨਜ਼ਰਬੰਦ ਕੀਤੇ ਗਏ ਦੋਵਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਰੀ ਦੇ ਹਾਂਸ ਕਲਾਂ ਵਿਖੇ ਹੋਣ ਵਾਲੇ ਲੋਕ-ਮਿਲਣੀ ਪ੍ਰੋਗਰਾਮ ਵਿੱਚ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਨਾ ਹੀ ਕਿਸੇ ਜਥੇਬੰਦੀ ਵੱਲੋਂ ਇਸ ਪ੍ਰੋਗਰਾਮ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਦਾ ਕੋਈ ਐਲਾਨ ਕੀਤਾ ਗਿਆ ਸੀ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਤਾ ਨਹੀਂ ਕਿਉਂ ਇੰਨੀ ਡਰੀ ਹੋਈ ਹੈ। ਇੱਕ ਪਾਸੇ ਲੋਕਾਂ ਨਾਲ ਮਿਲਣੀ ਕਰਨ ਲਈ ਪ੍ਰੋਗਰਾਮ ਰੱਖਿਆ ਜਾਂਦਾ ਹੈ ਅਤੇ ਦੂਜੇ ਪਾਸੇ ਲੋਕਾਂ ਨੂੰ ਹੀ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੁੱਖ ਮੰਤਰੀ ਪਹਿਲਾਂ ਲੋਕਾਂ ਨੂੰ ਸਵਾਲ ਪੁੱਛਣ ਦੀਆਂ ਸਲਾਹਾਂ ਦਿੰਦੇ ਸਨ, ਹੁਣ ਉਹ ਖੁਦ ਲੋਕਾਂ ਦੇ ਸਵਾਲਾਂ ਤੋਂ ਡਰਨ ਲੱਗ ਪਏ ਹਨ।
Bhagwant Mann Punjab Government Aam Aadmi Party Jagraon Hans Kalan Dakha Avtar Singh Tari Sukh Jagraon Punjab Police Political News Punjab News