November 29, 2026
Bsf ਜਵਾਨ ਦੀ ਹਿਰਾਸਤ ’ਚ ਮੌਤ ਦਾ ਮਾਮਲਾ
Arvinder Narula / Chandigarh
ਬੀਐੱਸਐੱਫ (BSF) ਦੇ ਜਵਾਨ ਜਸਵਿੰਦਰ ਸਿੰਘ ਦੀ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਹਿਰਾਸਤ ਦੌਰਾਨ ਹੋਈ ਮੌਤ ਦੇ ਮਾਮਲੇ ਵਿੱਚ ਮੁਅੱਤਲ ਕੀਤੇ ਗਏ ਮੇਜਰ ਅਮਿਤ ਕੁਮਾਰ ਨੂੰ ਹੁਣ ਉਨ੍ਹਾਂ ਦੇ ਮੂਲ ਕਾਡਰ ਭਾਰਤੀ ਫ਼ੌਜ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਮੁਅੱਤਲੀ ਤੋਂ ਕਰੀਬ ਸੱਤ ਮਹੀਨਿਆਂ ਬਾਅਦ ਐੱਨਸੀਬੀ ਨੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਫ਼ੌਜ ਵਿੱਚ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਹੈ। ਉਹ ਐੱਨਸੀਬੀ ਦੀ ਚੰਡੀਗੜ੍ਹ ਜ਼ੋਨਲ ਯੂਨਿਟ ਵਿੱਚ ਸਹਾਇਕ ਡਾਇਰੈਕਟਰ ਵਜੋਂ ਤਾਇਨਾਤ ਸਨ। ਐੱਨਸੀਬੀ ਵੱਲੋਂ ਜਾਰੀ ਹੁਕਮਾਂ ਮੁਤਾਬਕ ਸਮਰੱਥ ਅਧਿਕਾਰੀ ਨੇ ਮੇਜਰ ਅਮਿਤ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਭਾਰਤੀ ਫ਼ੌਜ ਵਿੱਚ ਵਾਪਸ ਭੇਜਣ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਨੂੰ 19 ਨਵੰਬਰ ਨੂੰ ਚੰਡੀਗੜ੍ਹ ਜ਼ੋਨਲ ਯੂਨਿਟ ਤੋਂ ਫ਼ਾਰਗ ਕਰ ਦਿੱਤਾ ਗਿਆ ਸੀ ਅਤੇ ਨਵੀਂ ਦਿੱਲੀ ਸਥਿਤ ਫ਼ੌਜ ਦੇ ਮੁੱਖ ਦਫ਼ਤਰ ਵਿੱਚ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਮੇਜਰ ਅਮਿਤ ਕੁਮਾਰ ਨੂੰ 30 ਅਪਰੈਲ 2026 ਨੂੰ ਮੁਅੱਤਲ ਕੀਤਾ ਗਿਆ ਸੀ। ਇਸ ਤੋਂ ਬਾਅਦ 29 ਜੁਲਾਈ ਨੂੰ ਉਨ੍ਹਾਂ ਦੀ ਮੁਅੱਤਲੀ ਵਿੱਚ 90 ਦਿਨਾਂ ਦਾ ਵਾਧਾ ਕੀਤਾ ਗਿਆ ਸੀ। ਫਿਰ 27 ਅਕਤੂਬਰ ਤੋਂ ਅਗਲੇ 90 ਦਿਨਾਂ ਲਈ ਮੁਅੱਤਲੀ ਮੁੜ ਵਧਾ ਦਿੱਤੀ ਗਈ ਸੀ। ਹੁਣ ਉਨ੍ਹਾਂ ਨੂੰ ਮੁਅੱਤਲੀ ਅਧੀਨ ਹੀ ਸਮੇਂ ਤੋਂ ਪਹਿਲਾਂ ਉਨ੍ਹਾਂ ਦੇ ਮੂਲ ਕਾਡਰ ਵਿੱਚ ਵਾਪਸ ਭੇਜਿਆ ਗਿਆ ਹੈ। ਇਹ ਕਾਰਵਾਈ ਬੀਐੱਸਐੱਫ ਕਾਂਸਟੇਬਲ ਜਸਵਿੰਦਰ ਸਿੰਘ ਦੀ ਮੌਤ ਨਾਲ ਜੁੜੀ ਹੋਈ ਹੈ। ਜਸਵਿੰਦਰ ਸਿੰਘ ਦੀ ਇਸੇ ਸਾਲ ਮਾਰਚ ਵਿੱਚ ਐੱਨਸੀਬੀ ਦੀ ਹਿਰਾਸਤ ਦੌਰਾਨ ਮੌਤ ਹੋ ਗਈ ਸੀ। ਉਹ ਤ੍ਰਿਪੁਰਾ ਵਿੱਚ ਤਾਇਨਾਤ ਸੀ ਅਤੇ ਛੁੱਟੀ ’ਤੇ ਆਪਣੇ ਘਰ ਆਇਆ ਹੋਇਆ ਸੀ। ਐੱਨਸੀਬੀ ਨੇ ਉਸ ਨੂੰ 3 ਮਾਰਚ ਨੂੰ ਜੰਮੂ-ਕਸ਼ਮੀਰ ਦੇ ਮੀਰਾਂ ਸਾਹਿਬ ਨੇੜਿਓਂ ਉਸ ਸਮੇਂ ਹਿਰਾਸਤ ਵਿੱਚ ਲਿਆ ਸੀ, ਜਦੋਂ ਉਹ ਆਪਣੀ ਮਾਤਾ ਲਈ ਦਵਾਈਆਂ ਲੈ ਕੇ ਪਿੰਡ ਦੀਵਾਨਗੜ੍ਹ ਵਾਪਸ ਪਰਤ ਰਿਹਾ ਸੀ।ਜਸਵਿੰਦਰ ਸਿੰਘ ਨੂੰ ਉਸ ਦੇ ਭਰਾ ਨਾਲ ਸਬੰਧਤ ਨਸ਼ਿਆਂ ਦੇ ਇੱਕ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲਾਂਕਿ, ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਜਸਵਿੰਦਰ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਅਤੇ ਹਿਰਾਸਤ ਦੌਰਾਨ ਉਸ ਨਾਲ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ। 20 ਮਾਰਚ ਨੂੰ ਜਦੋਂ ਉਸ ਨੂੰ ਜੰਮੂ ਤੋਂ ਅੰਮ੍ਰਿਤਸਰ ਰਸਤੇ ਤਰਨ ਤਾਰਨ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਮੌਤ ਹੋ ਗਈ। ਐੱਨਸੀਬੀ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਸਫ਼ਰ ਦੌਰਾਨ ਜਸਵਿੰਦਰ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਰ ਪੋਸਟਮਾਰਟਮ ਰਿਪੋਰਟ ਵਿੱਚ ਉਸ ਦੇ ਸਰੀਰ ’ਤੇ ਮੌਤ ਤੋਂ ਪਹਿਲਾਂ ਦੀਆਂ 34 ਸੱਟਾਂ ਦੇ ਨਿਸ਼ਾਨ ਮਿਲੇ ਸਨ। ਇਨ੍ਹਾਂ ਵਿੱਚ ਗੁਪਤ ਅੰਗਾਂ ’ਤੇ ਲੱਗੀਆਂ ਸੱਟਾਂ ਵੀ ਸ਼ਾਮਲ ਸਨ। ਰਿਪੋਰਟ ਵਿੱਚ ਖੁੰਢੀ ਚੀਜ਼ ਨਾਲ ਸੱਟਾਂ ਲੱਗਣ ਦੇ ਸੰਕੇਤ ਮਿਲੇ ਸਨ। ਇਸ ਤੋਂ ਇਲਾਵਾ ਵੱਖ-ਵੱਖ ਸਮੇਂ ਦੌਰਾਨ ਲੱਗੀਆਂ ਸੱਟਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ, ਜਿਸ ਨਾਲ ਜਵਾਨ ਦੀ ਮੌਤ ਦੇ ਹਾਲਾਤਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋਏ ਸਨ।ਇਸ ਮਾਮਲੇ ਵਿੱਚ ਐੱਨਸੀਬੀ ਨੇ ਇਸ ਤੋਂ ਪਹਿਲਾਂ 24 ਅਪਰੈਲ ਨੂੰ ਜੰਮੂ ਵਿੱਚ ਤਾਇਨਾਤ ਜਾਂਚ ਅਧਿਕਾਰੀ ਆਕਾਸ਼ ਰਾਏ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕੀਤੀ ਸੀ। ਮੇਜਰ ਅਮਿਤ ਕੁਮਾਰ ਇਸ ਮਾਮਲੇ ਵਿੱਚ ਮੁਅੱਤਲ ਕੀਤੇ ਜਾਣ ਵਾਲੇ ਦੂਜੇ ਅਧਿਕਾਰੀ ਸਨ। ਜਸਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਸਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਉਠਾਈ ਗਈ ਸੀ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਘਟਨਾ ਦਾ ਖ਼ੁਦ ਨੋਟਿਸ ਲੈਂਦਿਆਂ ਐੱਨਸੀਬੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਅੰਮ੍ਰਿਤਸਰ ਪੁਲੀਸ ਦੇ ਅਧਿਕਾਰੀਆਂ ਤੋਂ ਰਿਪੋਰਟਾਂ ਤਲਬ ਕੀਤੀਆਂ ਸਨ। ਇਸ ਤੋਂ ਬਾਅਦ ਹੋਈ ਨਿਆਂਇਕ ਜਾਂਚ ਦੌਰਾਨ ਨਿੱਜੀ ਹਸਪਤਾਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਘਟਨਾ ਨਾਲ ਸਬੰਧਤ ਸੀਸੀਟੀਵੀ (CCTV) ਫੁਟੇਜ ਹੁਣ ਉਪਲੱਬਧ ਨਹੀਂ ਹੈ। ਹਸਪਤਾਲ ਮੁਤਾਬਕ ਉਨ੍ਹਾਂ ਦੇ ਸਿਸਟਮ ਵਿੱਚ ਸਿਰਫ਼ 10 ਦਿਨਾਂ ਦਾ ਬੈਕਅੱਪ ਹੀ ਸੁਰੱਖਿਅਤ ਰਹਿੰਦਾ ਹੈ। ਹਾਲਾਂਕਿ, ਪਰਿਵਾਰ ਦੇ ਵਕੀਲ ਨੇ ਇਸ ਸਪੱਸ਼ਟੀਕਰਨ ’ਤੇ ਸਵਾਲ ਚੁੱਕਦਿਆਂ ਅਹਿਮ ਇਲੈਕਟ੍ਰਾਨਿਕ ਸਬੂਤ ਉਪਲੱਬਧ ਨਾ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ ਸੀ।ਐੱਨਸੀਬੀ ਦੇ ਵਿਜੀਲੈਂਸ ਡਾਇਰੈਕਟੋਰੇਟ ਨੂੰ ਅਗਲੀ ਕਾਰਵਾਈ ਲਈ ਸਬੰਧਤ ਅਨੁਸ਼ਾਸਨੀ ਦਸਤਾਵੇਜ਼ ਫ਼ੌਜ ਦੇ ਮੁੱਖ ਦਫ਼ਤਰ ਭੇਜਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਜ਼ੋਨਲ ਯੂਨਿਟ ਨੂੰ ਬਿਊਰੋ ਦੇ ਮੁੱਖ ਦਫ਼ਤਰ ਕੋਲ ਪਾਲਣਾ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
Bsf Jawan Death Case Ncb Major Amit Kumar Jaswinder Singh Custodial Death Chandigarh Ncb Unit Indian Army Punjab News Tarn Taran News Ncb Investigation