October 17, 2026
ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਕਾਂਗਰਸ ਨੇ ਚੁੱਕੇ ਸਵਾਲ, ਸਚਿਨ ਪਾਇਲਟ ਨੇ Cm ਭਗਵੰਤ ਮਾਨ ਦੇ ਅਸਤੀਫ਼ੇ ਦੀ ਕੀਤੀ ਮੰਗ
Prabhsimran Singh / Bathinda
ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਪਾਰਟੀ ਪ੍ਰਧਾਨ ਪਰਗਟ ਸਿੰਘ ਨੇ ਸੂਬੇ ਵਿੱਚ ਗੈਂਗਸਟਰਾਂ ਦੀਆਂ ਸਰਗਰਮੀਆਂ ਅਤੇ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਅਮਨ-ਕਾਨੂੰਨ ਦੀ ਸਥਿਤੀ ’ਤੇ ਗੰਭੀਰ ਸਵਾਲ ਚੁੱਕੇ ਹਨ। ਬਠਿੰਡਾ ਦੌਰੇ ਦੌਰਾਨ ਦੋਵਾਂ ਆਗੂਆਂ ਨੇ ਕਥਿਤ ਤੌਰ ’ਤੇ ਫ਼ਿਰੌਤੀ ਲਈ ਕਤਲ ਕੀਤੇ ਗਏ ਅੰਮ੍ਰਿਤਸਰੀ ਕੁਲਚਾ ਕਾਰੋਬਾਰੀ ਹਰਜਿੰਦਰ ਸਿੰਘ ਮੇਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਸਹਿਯੋਗ ਦਾ ਭਰੋਸਾ ਦਿੱਤਾ। ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਹੋਈ ਇਸ ਮੁਲਾਕਾਤ ਦੌਰਾਨ ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਅਨਾਜ ਭੰਡਾਰ ਭਰਨ ਅਤੇ ਸਰਹੱਦਾਂ ਦੀ ਰਾਖੀ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ, ਪਰ ਅੱਜ ਸੂਬੇ ਦੇ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਹਨ ਅਤੇ ਕਾਰੋਬਾਰੀ ਫ਼ਿਰੌਤੀਆਂ ਦੇ ਡਰ ਹੇਠ ਜੀਅ ਰਹੇ ਹਨ। ਪਾਇਲਟ ਨੇ ਦੋਸ਼ ਲਾਇਆ ਕਿ ਜੇਲ੍ਹਾਂ ਵਿੱਚੋਂ ਗੈਂਗਸਟਰਾਂ ਵੱਲੋਂ ਫ਼ਿਰੌਤੀਆਂ ਮੰਗਣ ਅਤੇ ਮੰਗ ਪੂਰੀ ਨਾ ਹੋਣ ’ਤੇ ਕਤਲ ਦੀਆਂ ਘਟਨਾਵਾਂ ਵਾਪਰਨੀਆਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਅਤੇ ਡੀ.ਜੀ.ਪੀ. ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ, ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਸੂਬੇ ਵਿੱਚ ਅਮਨ-ਕਾਨੂੰਨ ਕਾਇਮ ਰੱਖਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਵਿੱਚ ਅਤਿਵਾਦ ਦੇ ਦੌਰ ਦਾ ਹਵਾਲਾ ਦਿੰਦਿਆਂ ਕਾਂਗਰਸ ਦੀਆਂ ਕੁਰਬਾਨੀਆਂ ਦਾ ਵੀ ਜ਼ਿਕਰ ਕੀਤਾ ਇਸ ਮੌਕੇ ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਦੀ ਅਮਨ-ਕਾਨੂੰਨ ਵਿਵਸਥਾ ਸਰਕਾਰ ਦੇ ਕਾਬੂ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਪੰਜਾਬ ਪੁਲੀਸ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ ਅਤੇ ਸੂਬੇ ਦੇ ਮੌਜੂਦਾ ਹਾਲਾਤ ਲਈ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਰਿਪੋਰਟ ਮੰਗੇ ਜਾਣ ’ਤੇ ਵੀ ਉਨ੍ਹਾਂ ਤਨਜ਼ ਕੱਸਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਸਹਾਇਕ ਇੰਚਾਰਜ ਰਵਿੰਦਰ ਡਾਲਵੀਆ, ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਜ਼ਿਲ੍ਹਾ ਕਾਂਗਰਸ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਪੰਜਾਬ ਕਾਂਗਰਸ ਦੇ ਡੈਲੀਗੇਟ ਕੇ.ਕੇ. ਅਗਰਵਾਲ, ਮਾਰਕਫ਼ੈੱਡ ਦੇ ਡਾਇਰੈਕਟਰ ਟਹਿਲ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਜੀਦਾ ਅਤੇ ਪਵਨ ਮਾਨੀ ਸਮੇਤ ਹੋਰ ਆਗੂ ਹਾਜ਼ਰ ਸਨ।
Punjab Congress Sachin Pilot Pargat Singh Bhagwant Mann Punjab Law And Order Gangster Activities Punjab Drug Problem Harjinder Singh Mela Bathinda News Punjab Politics Punjab Police Aap Government Bjp Ravinder Dalviya Vijay Inder Singla