October 14, 2026
ਆਸਾਰਾਮ ਦੀ ਅਪੀਲ ’ਤੇ 17 ਨਵੰਬਰ ਨੂੰ ਸੁਣਵਾਈ, ਸਰੈਂਡਰ ਕਰਨ ਤੋਂ ਬਾਅਦ ਹੀ ਹੋਵੇਗੀ ਅੱਗੇ ਦੀ ਕਾਰਵਾਈ
Prabhsimran Singh / Delhi
ਸੁਪਰੀਮ ਕੋਰਟ ਨੇ ਰਾਜਸਥਾਨ ਵਿੱਚ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਆਸਾਰਾਮ ਵੱਲੋਂ ਦਾਇਰ ਅਪੀਲ ’ਤੇ ਸੁਣਵਾਈ ਲਈ 17 ਨਵੰਬਰ ਦੀ ਤਾਰੀਖ਼ ਤੈਅ ਕੀਤੀ ਹੈ। ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਸਪੱਸ਼ਟ ਕੀਤਾ ਕਿ ਆਸਾਰਾਮ ਦੀ 20 ਦਿਨਾਂ ਦੀ ਪੈਰੋਲ 27 ਅਕਤੂਬਰ ਨੂੰ ਖ਼ਤਮ ਹੋ ਰਹੀ ਹੈ। ਉਸ ਦੇ ਆਤਮਸਮਰਪਣ ਕਰਨ ਤੋਂ ਬਾਅਦ ਹੀ ਅਦਾਲਤ ਅਪੀਲ ’ਤੇ ਅੱਗੇ ਸੁਣਵਾਈ ਕਰੇਗੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਟ੍ਰਾਇਲ ਕੋਰਟ ਦੇ ਸਾਰੇ ਡਿਜੀਟਲ ਅਤੇ ਭੌਤਿਕ ਰਿਕਾਰਡ ਵੀ ਤਲਬ ਕੀਤੇ ਹਨ। ਸੁਣਵਾਈ ਦੌਰਾਨ ਆਸਾਰਾਮ ਨੇ ਗੁਜਰਾਤ ਦੇ 2013 ਦੇ ਗਾਂਧੀਨਗਰ ਜਬਰ-ਜਨਾਹ ਮਾਮਲੇ ਵਿੱਚ ਆਪਣੀ ਬੀਮਾਰ ਪਤਨੀ ਨੂੰ ਮਿਲਣ ਲਈ ਅੰਤਰਿਮ ਜ਼ਮਾਨਤ ਦੀ ਮੰਗ ਵੀ ਕੀਤੀ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ ਇਸ ਅਰਜ਼ੀ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੇ ਵਕੀਲ ਨੇ ਅਰਜ਼ੀ ਵਾਪਸ ਲੈ ਲਈ। ਸੁਣਵਾਈ ਦੀ ਸ਼ੁਰੂਆਤ ਵਿੱਚ ਆਸਾਰਾਮ ਦੇ ਵਕੀਲ ਸਿਧਾਰਥ ਦਵੇ ਨੇ ਬੈਂਚ ਨੂੰ ਦੱਸਿਆ ਕਿ ਮੰਗਲਵਾਰ ਰਾਤ 85 ਸਾਲਾ ਆਸਾਰਾਮ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਸ ਨੂੰ ਆਈ.ਸੀ.ਯੂ. ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬਹਿਸ ਦੌਰਾਨ ਆਸਾਰਾਮ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਦੇ ਮੁਵੱਕਿਲ ’ਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 376 ਤਹਿਤ ਜਬਰ-ਜਨਾਹ ਦਾ ਦੋਸ਼ ਨਹੀਂ ਬਣਦਾ। ਇਸ ’ਤੇ ਜਸਟਿਸ ਪਾਰਦੀਵਾਲਾ ਨੇ ਕਿਹਾ ਕਿ ਜੇਕਰ ਵਕੀਲ ਕਿਸੇ ਕਾਨੂੰਨੀ ਖ਼ਾਮੀ ਦੇ ਆਧਾਰ ’ਤੇ ਇਹ ਸਮਝਾਉਣ ਵਿੱਚ ਸਫ਼ਲ ਰਹਿੰਦੇ ਹਨ ਕਿ ਪੂਰੀ ਸਜ਼ਾ ਰੱਦ ਕੀਤੀ ਜਾਣੀ ਚਾਹੀਦੀ ਹੈ, ਤਾਂ ਹੀ ਇਸ ਬਾਰੇ ਵਿਚਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਸਾਰਾਮ ਨੂੰ ਜੋਧਪੁਰ ਆਸ਼ਰਮ ਵਿੱਚ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਸਾਲ 2018 ਦੌਰਾਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ, ਅਹਿਮਦਾਬਾਦ ਆਸ਼ਰਮ ਵਿੱਚ ਮਹਿਲਾ ਸ਼ਰਧਾਲੂ ਨਾਲ ਵਾਰ-ਵਾਰ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਗਾਂਧੀਨਗਰ ਦੀ ਅਦਾਲਤ ਨੇ ਸਾਲ 2023 ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੁਣ ਰਾਜਸਥਾਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ 17 ਨਵੰਬਰ ਨੂੰ ਅਪੀਲ ’ਤੇ ਸੁਣਵਾਈ ਕੀਤੀ ਜਾਵੇਗੀ, ਪਰ ਇਸ ਤੋਂ ਪਹਿਲਾਂ ਆਸਾਰਾਮ ਨੂੰ ਪੈਰੋਲ ਦੀ ਮਿਆਦ ਖ਼ਤਮ ਹੋਣ ’ਤੇ ਆਤਮਸਮਰਪਣ ਕਰਨਾ ਪਵੇਗਾ।
Asaram Bapu Supreme Court Rajasthan Rape Case Gujarat Rape Case Life Imprisonment Supreme Court Hearing Parole Surrender Jodhpur Ashram Gandhinagar Court Legal News India News