November 27, 2026
ਚੋਣ ਕਮਿਸ਼ਨ ਦੀ ਵੈੱਬਸਾਈਟ ’ਚ ਵੱਡੀ ਸੁਰੱਖਿਆ ਖਾਮੀ, ਵੋਟਰਾਂ ਦੇ ਨਿੱਜੀ ਵੇਰਵੇ ਤੇ ਪਾਸਪੋਰਟ ਵਰਗੇ ਦਸਤਾਵੇਜ਼ ਸਨ ਖ਼ਤਰੇ ’ਚ
Prabhsimran Singh / Delhi
ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੀ ਵੈੱਬਸਾਈਟ ਵਿੱਚ ਵੱਡੀ ਸੁਰੱਖਿਆ ਖਾਮੀ ਸਾਹਮਣੇ ਆਈ ਹੈ, ਜਿਸ ਰਾਹੀਂ ਕੁਝ ਵੋਟਰਾਂ ਦੇ ਨਿੱਜੀ ਵੇਰਵਿਆਂ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਤੱਕ ਬਿਨਾਂ ਅਧਿਕਾਰ ਪਹੁੰਚ ਬਣਾਈ ਜਾ ਸਕਦੀ ਸੀ। ਰਾਇਟਰਜ਼ ਵੱਲੋਂ ਇਸ ਖਾਮੀ ਬਾਰੇ ਚੋਣ ਕਮਿਸ਼ਨ ਨੂੰ ਜਾਣੂ ਕਰਵਾਏ ਜਾਣ ਤੋਂ ਬਾਅਦ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ। ਰਾਇਟਰਜ਼ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਵੈੱਬਸਾਈਟ ਦੇ ਇੱਕ ਫੀਚਰ ਰਾਹੀਂ ਵੋਟਰਾਂ ਦੀ ਨਿੱਜੀ ਜਾਣਕਾਰੀ ਅਤੇ ਉਨ੍ਹਾਂ ਵੱਲੋਂ ਅਪਲੋਡ ਕੀਤੇ ਦਸਤਾਵੇਜ਼ਾਂ ਤੱਕ ਪਹੁੰਚ ਸੰਭਵ ਸੀ। ਰਾਇਟਰਜ਼ ਦੀ ਸਮੀਖਿਆ ਮੁਤਾਬਕ, ਜਦੋਂ ਕੋਈ ਵੋਟਰ ਵੈੱਬਸਾਈਟ ’ਤੇ ਲੌਗਇਨ ਕਰਕੇ ਆਪਣੇ ਸਥਾਨਕ ਚੋਣ ਅਧਿਕਾਰੀ ਨਾਲ ਫੋਨ ’ਤੇ ਗੱਲ ਕਰਨ ਲਈ ਬੇਨਤੀ ਕਰਦਾ ਸੀ, ਤਾਂ ਬ੍ਰਾਊਜ਼ਰ ਦੇ ਨੈੱਟਵਰਕ ਟੈਬ ਵਿੱਚ ਉਸ ਦੇ ਫਾਰਮ ਦਾ ਰੈਫਰੈਂਸ ਨੰਬਰ ਦਿਖਾਈ ਦਿੰਦਾ ਸੀ। ਇਸ ਤੋਂ ਬਾਅਦ ਕਾਲ ਬੁੱਕ ਕਰਨ ਸਮੇਂ ਵੋਟਰ ਦਾ ਨਾਮ, ਫੋਨ ਨੰਬਰ, ਈਮੇਲ ਪਤਾ, ਜਨਮ ਮਿਤੀ ਅਤੇ ਰਿਹਾਇਸ਼ੀ ਪਤੇ ਸਮੇਤ ਕਈ ਨਿੱਜੀ ਵੇਰਵੇ ਸਾਹਮਣੇ ਆ ਜਾਂਦੇ ਸਨ। ਇਸ ਤੋਂ ਇਲਾਵਾ ਪਾਸਪੋਰਟ ਵਰਗੇ ਪਛਾਣ ਦਸਤਾਵੇਜ਼ਾਂ ਦੀਆਂ ਫਾਈਲਾਂ ਦੇ ਪਾਥ ਵੀ ਦੇਖੇ ਜਾ ਸਕਦੇ ਸਨ।ਸੁਰੱਖਿਆ ਖੋਜਕਰਤਾਵਾਂ ਕਰਨ ਸੈਣੀ ਅਤੇ ਅਹਿਰਾਜ਼ ਅਹਿਮਦ ਨੇ ਇਸ ਖਾਮੀ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਫਾਰਮ ਨੰਬਰਾਂ ਦੀ ਤਰਤੀਬ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ। ਇਸ ਕਾਰਨ ਸੰਭਾਵਨਾ ਸੀ ਕਿ ਕੋਈ ਹੈਕਰ ਵੱਖ-ਵੱਖ ਫਾਰਮ ਨੰਬਰਾਂ ਦੀ ਵਰਤੋਂ ਕਰਕੇ ਵੱਡੀ ਗਿਣਤੀ ਵਿੱਚ ਵੋਟਰਾਂ ਦਾ ਡੇਟਾ ਡਾਊਨਲੋਡ ਕਰ ਸਕਦਾ ਸੀ। ਰਾਇਟਰਜ਼ ਦਾ ਇੱਕ ਰਿਪੋਰਟਰ ਵੀ ਇਸ ਖਾਮੀ ਦੀ ਵਰਤੋਂ ਕਰਕੇ ਆਪਣੇ ਰਾਸ਼ਟਰੀ ਪਛਾਣ ਪੱਤਰ ਦੀ ਕਾਪੀ ਡਾਊਨਲੋਡ ਕਰਨ ਵਿੱਚ ਸਫਲ ਰਿਹਾ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿਸੇ ਹੈਕਰ ਨੇ ਅਸਲ ਵਿੱਚ ਇਸ ਸੁਰੱਖਿਆ ਖਾਮੀ ਦਾ ਫਾਇਦਾ ਉਠਾਇਆ ਸੀ ਜਾਂ ਇਸ ਕਾਰਨ ਕਿੰਨੇ ਵੋਟਰਾਂ ਦੀ ਨਿੱਜੀ ਜਾਣਕਾਰੀ ਪ੍ਰਭਾਵਿਤ ਹੋਈ। ਇਹ ਕਾਲ-ਬੁਕਿੰਗ ਫੀਚਰ ਜੂਨ 2025 ਵਿੱਚ ਸ਼ੁਰੂ ਕੀਤਾ ਗਿਆ ਸੀ। ਰਾਇਟਰਜ਼ ਨੇ 26 ਅਕਤੂਬਰ ਨੂੰ ਇਸ ਖਾਮੀ ਬਾਰੇ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਸੀ। ਵੀਰਵਾਰ ਨੂੰ ਕਮਿਸ਼ਨ ਦੇ ਬੁਲਾਰੇ ਵੱਲੋਂ ਆਈ.ਟੀ. ਵਿਭਾਗ ਨੂੰ ਜਾਂਚ ਕਰਨ ਲਈ ਕਹੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਇਸ ਨੂੰ ਠੀਕ ਕਰ ਦਿੱਤਾ ਗਿਆ।ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਉੱਤਰ ਪ੍ਰਦੇਸ਼ ਸਮੇਤ ਕਈ ਅਹਿਮ ਸੂਬਿਆਂ ਵਿੱਚ ਚੋਣਾਂ ਹੋਣ ਵਿੱਚ ਕੁਝ ਮਹੀਨੇ ਬਾਕੀ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਦੀ ਵਿਵਾਦਤ ਮੁਹਿੰਮ ਨੂੰ ਲੈ ਕੇ ਵੀ ਸਿਆਸੀ ਵਿਰੋਧ ਜਾਰੀ ਹੈ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਇਸ ਸੁਰੱਖਿਆ ਖਾਮੀ ਨੂੰ ਚਿੰਤਾਜਨਕ ਕਰਾਰ ਦਿੱਤਾ ਹੈ। ਉੱਧਰ, ਸਾਬਕਾ ਮੁੱਖ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਕਿਹਾ ਕਿ ਇਹ ਅਣਜਾਣੇ ਵਿੱਚ ਹੋਈ ਸੁਰੱਖਿਆ ਖਾਮੀ ਜਾਪਦੀ ਹੈ। ਸੁਰੱਖਿਆ ਖੋਜਕਰਤਾ ਕਰਨ ਸੈਣੀ ਮੁਤਾਬਕ, ਸਰਵਰ ਸਿਰਫ਼ ਇਹ ਜਾਂਚ ਕਰਦਾ ਜਾਪਦਾ ਸੀ ਕਿ ਵਰਤੋਂਕਾਰ ਨੇ ਲੌਗਇਨ ਕੀਤਾ ਹੋਇਆ ਹੈ ਜਾਂ ਨਹੀਂ, ਪਰ ਇਹ ਨਹੀਂ ਜਾਂਚਿਆ ਜਾਂਦਾ ਸੀ ਕਿ ਉਸ ਨੂੰ ਕਿਸੇ ਹੋਰ ਵੋਟਰ ਦੇ ਦਸਤਾਵੇਜ਼ ਦੇਖਣ ਦਾ ਅਧਿਕਾਰ ਵੀ ਹੈ ਜਾਂ ਨਹੀਂ। ਦੂਜੇ ਖੋਜਕਰਤਾ ਅਹਿਰਾਜ਼ ਅਹਿਮਦ ਨੇ ਵੀ ਇਸ ਮਾਮਲੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਤਕਨੀਕੀ ਖੇਤਰ ਵਿੱਚ ਤਰੱਕੀ ਦੇ ਬਾਵਜੂਦ ਬੁਨਿਆਦੀ ਸਾਈਬਰ ਸੁਰੱਖਿਆ ਮਾਪਦੰਡਾਂ ਨੂੰ ਲਾਗੂ ਨਾ ਕਰਨਾ ਚਿੰਤਾ ਦਾ ਵਿਸ਼ਾ ਹੈ।
Election Commission Of India Eci Website Data Security Breach Voter Data Cyber Security Data Privacy Voter Information Passport Documents Reuters Investigation Indian Elections Cyber Vulnerability Election News India News